Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ‘ਵਰਲਡ ਏਡਜ਼ ਡੇ’ ਮੌਕੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੁਕ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਅੱਜ ਵਿਸ਼ਵ ਏਡਜ਼ ਦਿਵਸ ਵੱਡੇ ਉਤਸ਼ਾਹ ਅਤੇ ਜਾਗਰੂਕਤਾ ਦੇ ਸੰਦੇਸ਼ ਨਾਲ ਮਨਾਇਆ ਗਿਆ। ਇਹ ਵਿਸ਼ੇਸ਼ ਸਮਾਰੋਹ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮਿਸਿਜ਼ ਕਮਲ ਸੈਣੀ ਦੀ ਪ੍ਰੇਰਕ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਚਾਰਟਾਂ, ਲੇਖਾਂ ਅਤੇ ਸਲੋਗਨਾਂ ਰਾਹੀਂ ਏਡਜ਼ ਬਾਰੇ ਮਹੱਤਵਪੂਰਨ ਜਾਣਕਾਰੀ ਪੇਸ਼ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਹਮਿਲੀਆ ਰਾਣੀ ਨੇ ਬੱਚਿਆਂ ਨੂੰ ਏਡਜ਼ ਦੇ ਕਾਰਣਾਂ, ਬਚਾਵ ਅਤੇ ਜਾਗਰੂਕਤਾ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1988 ਵਿੱਚ ਹੋਈ, ਅਤੇ ਇਹ ਦੁਨੀਆ ਦਾ ਸਭ ਤੋਂ ਪਹਿਲਾ ਅੰਤਰਰਾਸ਼ਟਰੀ ਸਿਹਤ-ਸੰਬੰਧੀ ਦਿਵਸ ਮੰਨਿਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਵਿਸ਼ਵ ਸਿਹਤ ਸੰਗਠਨ ਵਰਲਡ ਹੈਲਥ ਆਰਗਨਾਈਜ਼ੇਸ਼ਨ ਅਤੇ ਯੂ.ਐਨ.ਏਡਜ਼ ਦੇ ਦੋ ਜਵਾਨ ਸਾਰਵਜਨਿਕ ਸਿਹਤ ਅਧਿਕਾਰੀਆਂ ਜੇਮਸ ਡਬਲਯੂ. ਬਨ ਅਤੇ ਥਾਮਸ ਨੇਟਰ ਨੇ ਮਿਲ ਕੇ ਕੀਤੀ। ਉਹਨਾਂ ਦਾ ਮੰਨਣਾ ਸੀ ਕਿ ਲੋਕਾਂ ਨੂੰ ਏਡਜ਼ ਬਾਰੇ ਸਹੀ ਜਾਣਕਾਰੀ ਦੇ ਕੇ ਹੀ ਇਸ ਦੇ ਤੇਜ਼ੀ ਨਾਲ ਫੈਲਾਉ ਨੂੰ ਰੋਕਿਆ ਜਾ ਸਕਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਐਚ.ਆਈ.ਵੀ ਅਤੇ ਏਡਜ਼ ਬਾਰੇ ਸਹੀ ਜਾਣਕਾਰੀ ਦੇਣਾ ਹੈ—ਇਹ ਕਿਵੇਂ ਫੈਲਦਾ ਹੈ, ਕਿਵੇਂ ਨਹੀਂ ਫੈਲਦਾ ਅਤੇ ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਐਚ.ਆਈ.ਵੀ ਅਤੇ ਏਡਜ਼ ਨਾਲ ਜੀਵਨ ਬਿਤਾਉਣ ਵਾਲੇ ਲੋਕਾਂ ਨੂੰ ਅਕਸਰ ਸਮਾਜ ਵਿੱਚ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਸ਼ਵ ਏਡਜ਼ ਦਿਵਸ ਸਮਾਜ ਨੂੰ ਸਿੱਖਾਉਂਦਾ ਹੈ ਕਿ ਅਸੀਂ ਉਨ੍ਹਾਂ ਲਈ ਸਮਝ ਅਤੇ ਸਹਿਯੋਗ ਦਿਖਾਈਏ। ਦੁਨੀਆ ਭਰ ਵਿੱਚ ਲੱਖਾਂ ਲੋਕ ਐਚ.ਆਈ.ਵੀ ਅਤੇ ਏਡਜ਼ ਕਾਰਨ ਮੌਤ ਦਾ ਸ਼ਿਕਾਰ ਹੋਏ ਹਨ। ਇਸ ਦਿਨ ਦੌਰਾਨ ਉਨ੍ਹਾਂ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਲਈ ਸਨਮਾਨ ਪ੍ਰਗਟ ਕੀਤਾ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਐਚ.ਆਈ.ਵੀ ਅਤੇ ਏਡਜ਼ ਨਾਲ ਜੀਵਨ ਬਿਤਾਉਣ ਵਾਲੇ ਲੋਕਾਂ ਦੀ ਮਦਦ, ਦੇਖਭਾਲ ਅਤੇ ਹੌਸਲਾ ਅਫ਼ਜ਼ਾਈ ਕਰਨ। ਵਿਸ਼ਵ ਏਡਜ਼ ਦਿਵਸ ਹੋਰ ਦੇਸ਼ਾਂ, ਸੰਸਥਾਵਾਂ, ਸਕੂਲਾਂ, ਹਸਪਤਾਲਾਂ ਅਤੇ ਸਰਕਾਰਾਂ ਨੂੰ ਇਕੱਠਾ ਕਰਦਾ ਹੈ ਤਾਂ ਐਚ.ਆਈ.ਵੀ ਅਤੇ ਏਡਜ਼ ਦੇ iਖ਼ਲਾਫ਼ ਮਿਲਜੁਲ ਕੇ ਕੰਮ ਕੀਤਾ ਜਾ ਸਕੇ। ਇਹ ਦਿਨ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਐਚ.ਆਈ.ਵੀ ਅਤੇ ਏਡਜ਼ ਤੋਂ ਬਚਾਅ ਲਈ ਸੁਰੱਖਿਅਤ ਤਰੀਕੇ ਅਪਣਾਏ ਜਾਣ, ਟੈਸਟ ਕਰਵਾਇਆ ਜਾਵੇ ਅਤੇ ਇਲਾਜ ਸਮੇਂ ਸਿਰ ਮਿਲੇ ਤਾਂ ਮਰੀਜ਼ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।