ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 18ਵੀਆਂ ਬੀ. ਬੀ. ਐਸ. ਖੇਡਾਂ ਦੀ ਹੋਈ ਸ਼ਾਨਦਾਰ ਸ਼ੁਰੂਆਤ
ਅੰਤਰਰਾਸ਼ਟਰੀ ਕ੍ਰਿਕੇਟਰ ‘ਸ਼ਿਖਰ ਧਵਨ’ ਬਣੇ ਮੁੱਖ ਮਹਿਮਾਨ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ 18ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਦੀ ਸ਼ੁਰੂਆਤ ਇੱਕ ਸ਼ਾਨਦਾਰ ਸਮਾਗਮ ਰਾਹੀ ਕੀਤੀ ਗਈ। ਇਸ ਸਮਾਰੋਹ ਵਿੱਚ ਖਾਸ ਤੌਰ ਤੇ ਅੰਤਰਰਾਸ਼ਟਰੀ ਕ੍ਰਿਕੇਟਰ ‘ਸ਼ਿਖਰ ਧਵਨ’ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਦੇ ਨਾਲ ਹੀ ਮਸ਼ਹੁਰ ਗਾਇਕ ਸ਼੍ਰੀ ਕੇ. ਐਸ. ਮੱਖਣ, ਪ੍ਰਾਈਮ ਏਸ਼ੀਆ ਸੈਲੀਬ੍ਰਿਟੀ ਰਿਪੋਰਟਰ ਸ਼੍ਰੀ. ਸਵਰਨ ਸਿੰਘ ਟੈਹਣਾ ਅਤੇ ਭਾਰਤੀ ਅੰਤਰਰਾਸ਼ਟਰੀ ਵੂਮੈਨ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਸ੍ਰ. ਹਰਮਿੰਦਰ ਸਿੰਘ ਭੁੱਲਰ ਜੀ ਵੱਲੋਂ ਵੀ ਮੁੱਖ ਮਹਿਮਾਨ ਦੇ ਤੌਰ ਤੇ ਇਸ ਸਮਾਗਮ ਦੀ ਸ਼ੌਭਾ ਵਧਾਈ ਗਈ। ਸਾਰੇ ਮੁੱਖ ਮਹਿਮਾਨਾਂ ਦਾ ਸੁਆਗਤ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਨਿਧੀ ਬਰਾੜ ਅਤੇ ਸੀ.ਈ.ਓ. ਰਾਹੁਲ ਛਾਬੜਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ। ਮੁੱਖ ਮਹਿਮਾਨਾਂ ਦੇ ਸੁਆਗਤ ਤੋਂ ਬਾਅਦ ਨੈਸ਼ਨਲ ਫਲੈਗ, ਬੀ.ਬੀ.ਐਸ. ਸਕੂਲ ਫਲੈਗ ਅਤੇ ਬੀ.ਬੀ.ਐਸ. ਗੇਮਜ਼ ਫਲੈਗ ਲਹਿਰਾਇਆ ਗਿਆ। ਇਸ ਦੇ ਨਾਲ ਬੀ.ਬੀ.ਐਸ. ਬੈਂਡ ਦੀ ਅਗਵਾਈ ਹੇਠ ਮਾਰਚ ਪਾਸਟ ਹੋਇਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੀਆਂ ਹਾਊਸ ਟੀਮਾਂ ਨੇ ਖੇਡਾਂ ਨੂੰ ਇਮਾਨਦਾਰੀ ਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਅਤੇ ਸਕੂਲ ਦਾ ਸਨਮਾਨ ਵਧਾਉਣ ਦਾ ਪ੍ਰਣ ਲਿਆ। ਇਸ ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਖੇਡ ਮਸ਼ਾਲ ਜਲਾਈ ਗਈ ਅਤੇ ਇਹ ਮਸ਼ਾਲ ਸਕੂਲ ਕੈਪਟਨਜ਼ ਦੇ ਸਪੁਰਦ ਕੀਤੀ ਗਈ। ਇਸ ਉਪਰੰਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਵਿੱਚ ਬੀ.ਬੀ.ਐੱਸ. ਬੈਗਪਾਈਪਰ ਬੈਂਡ ਵੱਲੋਂ ਬਹੁਤ ਸੋਹਣੀ ਡਿਸਪਲੇਅ ਕੀਤੀ ਗਈ। ਵੰਦਨਾ ਕਲਾਸੀਕਲ ਡਾਂਸ ਰਾਹੀਂ ਸਮਾਰੋਹ ਦਾ ਸ਼ੁੱਭ ਅਰੰਭ ਹੋਇਆ। ਦੇਸ਼ ਭਗਤੀ ਦੀ ਥੀਮ ਉੱਪਰ ਜੁਨਿਅਰ ਗਰੁੱਪ ਵੱਲੋਂ ਗਰੁੱਪ ਡਾਂਸ, ਖੇਤਰੀ ਡਾਂਸ ਅਤੇ ਸੀਨੀਅਰ ਲੜਕੀਆਂ ਦੁਆਰਾ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਜਿਮਨਾਸਟਿਕ ਅਤੇ ਯੋਗਾ ਡਿਸਪਲੇਅ ਰਾਹੀਂ ਵਿਦਿਆਰਥੀਆਂ ਨੇ ਆਪਣੀ ਚੁਸਤੀ-ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ‘ਗੱਤਕਾ’ ਦਾ ਬਹੁਤ ਹੀ ਸ਼ਾਨਦਾਰ ਅਤੇ ਦਿਲ ਖਿੱਚਵਾਂ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਬਲਿਦਾਨ ਨੂੰ ਸਮਰਪਿਤ ਸੀ। ਇਹਨਾਂ ਸਭ ਦੇ ਨਾਲ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜਮੈਂਟ ਤੇ ਸਟਾਫ ਵੱਲੋਂ ਖੇਡ ਮੁਕਾਬਲਿਆਂ ਦੀ ਘੋਸ਼ਨਾ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।