ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ, ਮੋਗਾ ਵਿੱਚ ਕ੍ਰਿਸਮਸ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ
ਮੋਗਾ ਸ਼ਹਿਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਅਧੀਨ ਆਉਂਦੇ ਏ.ਬੀ.ਸੀ. ਮੋਂਟੈਸਰੀ ਸਕੂਲ, ਮੋਗਾ ਵਿਖੇ ਕ੍ਰਿਸਮਸ ਦਾ ਪਾਵਨ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਦੇ ਮਾਹੌਲ ਵਿੱਚ ਮਨਾਇਆ ਗਿਆ। ਇਹ ਸਮਾਰੋਹ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਸੈਂਟਾ ਕਲੌਜ਼ ਦੀ ਪੋਸ਼ਾਕ ਪਹਿਨ ਕੇ ਸਭ ਨੂੰ ਮੋਹ ਲਿਆ। ਬੱਚਿਆਂ ਵੱਲੋਂ ‘ਜਿੰਗਲ ਬੈੱਲ’ ਅਤੇ ਹੋਰ ਕ੍ਰਿਸਮਸ ਗੀਤ ਗਾ ਕੇ ਤਿਉਹਾਰ ਦੀ ਰੌਣਕ ਨੂੰ ਹੋਰ ਵਧਾਇਆ ਗਿਆ। ਸਮਾਰੋਹ ਦੌਰਾਨ ਬੱਚਿਆਂ ਵਿੱਚ ਟੌਫੀਆਂ ਅਤੇ ਚਾਕਲੇਟ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੇ ਚਾਰਟਾਂ ਅਤੇ ਲੇਖਾਂ ਰਾਹੀਂ ਕ੍ਰਿਸਮਸ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸਮਸ ਹਰ ਸਾਲ 25 ਦਸੰਬਰ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨਾਲ ਹੀ 12 ਦਿਨਾਂ ਦੇ ਉਤਸਵ ‘ਕ੍ਰਿਸਮਸਟਾਇਡ’ ਦੀ ਸ਼ੁਰੂਆਤ ਵੀ ਹੁੰਦੀ ਹੈ, ਜਿਸ ਦਾ ਇਸਾਈ ਭਾਈਚਾਰੇ ਵਿੱਚ ਵਿਸ਼ੇਸ਼ ਮਹੱਤਵ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਆਧੁਨਿਕ ਸਮੇਂ ਵਿੱਚ ਕ੍ਰਿਸਮਸ ਮੌਕੇ ਉਪਹਾਰਾਂ ਦੀ ਅਦਲ-ਬਦਲ, ਗਿਰਜਾਘਰਾਂ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਜਾਵਟਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸਜਾਵਟਾਂ ਵਿੱਚ ਕ੍ਰਿਸਮਸ ਟਰੀ, ਰੰਗ-ਬਿਰੰਗੀਆਂ ਬੱਤੀਆਂ, ਜਨਮ ਦੀਆਂ ਝਾਕੀਆਂ ਅਤੇ ਰੰਗੋਲੀਆਂ ਆਦਿ ਸ਼ਾਮਿਲ ਹੁੰਦੀਆਂ ਹਨ। ਸੈਂਟਾ ਕਲੌਜ਼, ਜਿਸ ਨੂੰ ‘ਕ੍ਰਿਸਮਸ ਦਾ ਪਿਤਾ’ ਵੀ ਕਿਹਾ ਜਾਂਦਾ ਹੈ, ਇਸ ਤਿਉਹਾਰ ਨਾਲ ਜੁੜੀ ਇਕ ਲੋਕਪ੍ਰਿਯ ਸ਼ਖਸੀਅਤ ਹੈ, ਜਿਸ ਨੂੰ ਬੱਚਿਆਂ ਲਈ ਤੋਹਫੇ ਲਿਆਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦਿਆਂ ਆਉਣ ਵਾਲੇ ਨਵੇਂ ਸਾਲ ਲਈ ਭਲਾਈ ਅਤੇ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਸਾਡੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ। ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਨਾਲ ਜੁੜੇ ਤਿਉਹਾਰ ਉਸ ਦੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਦਰਸਾਉਂਦੇ ਹਨ। ਸਾਨੂੰ ਸਾਰੇ ਧਰਮਾਂ ਅਤੇ ਉਨ੍ਹਾਂ ਦੇ ਤਿਉਹਾਰਾਂ ਦਾ ਸਤਿਕਾਰ ਕਰਦਿਆਂ ਹਰ ਤਿਉਹਾਰ ਨੂੰ ਪਿਆਰ, ਸ਼ਾਂਤੀ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।