ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਮਾਂ ਸਰਸਵਤੀ ਜੀ ਦੀ ਅਰਾਧਨਾ ਕਰਕੇ ਵਿਦਿਆਰਥੀਆਂ ਨੇ ਪਤੰਗਾਂ ਉਡਾ ਕੇ ਆਨੰਦ ਮਾਣਿਆ

ਮੋਗਾ ਸ਼ਹਿਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਬਸੰਤ ਪੰਚਮੀ ਦਾ ਪਾਵਨ ਤਿਉਹਾਰ ਬੜੇ ਉਤਸ਼ਾਹ, ਆਸਥਾ ਅਤੇ ਰੰਗੀਨ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਜੀ ਦੀ ਵਿਧੀਵਤ ਅਰਾਧਨਾ ਕੀਤੀ ਗਈ। ਵਿਦਿਆਰਥੀਆਂ ਨੇ ਬਸੰਤ ਪੰਚਮੀ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਸੁੰਦਰ ਚਾਰਟ, ਆਰਟੀਕਲ ਅਤੇ ਰਚਨਾਤਮਕ ਪ੍ਰਸਤੁਤੀਆਂ ਪੇਸ਼ ਕੀਤੀਆਂ। ਆਰਟੀਕਲ ਪੜ੍ਹਦੇ ਹੋਏ ਬੱਚਿਆਂ ਨੇ ਦੱਸਿਆ ਕਿ ਬਸੰਤ ਪੰਚਮੀ ਨੂੰ ਰੁੱਤਾਂ ਦੇ ਰਾਜਾ ਬਸੰਤ ਰੁੱਤ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹ ਤਿਉਹਾਰ ਵਿਦਿਆ, ਕਲਾ ਅਤੇ ਸੱਭਿਆਚਾਰ ਨਾਲ ਗਹਿਰਾ ਸਬੰਧ ਰੱਖਦਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਕੇ ਗਿਆਨ ਅਤੇ ਬੁੱਧੀ ਦੀ ਕਾਮਨਾ ਕੀਤੀ ਜਾਂਦੀ ਹੈ। ਇਸ ਮੌਕੇ ਪੀਲੇ ਰੰਗ ਦੀ ਖਾਸ ਰੌਣਕ ਦਿਖਾਈ ਦਿੱਤੀ। ਵਿਦਿਆਰਥੀਆਂ ਅਤੇ ਸਟਾਫ ਨੇ ਪੀਲੇ ਰੰਗ ਦੇ ਵਸਤ੍ਰ ਧਾਰਨ ਕਰਕੇ ਤਿਉਹਾਰ ਦੀ ਖੂਬਸੂਰਤੀ ਨੂੰ ਹੋਰ ਨਿਖਾਰਿਆ। ਇਸ ਤੋਂ ਬਾਅਦ ਸਕੂਲ ਦੇ ਖੇਡ ਮੈਦਾਨ ਵਿੱਚ ਵਿਦਿਆਰਥੀਆਂ ਵੱਲੋਂ ਰੰਗ-ਬਿਰੰਗੀਆਂ ਪਤੰਗਾਂ ਉਡਾਈਆਂ ਗਈਆਂ। ਪਤੰਗ ਉਡਾਉਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਸੁੰਹ ਚੁੱਕੀ ਅਤੇ ਸਮਾਜ ਨੂੰ ਵੀ ਇਸ ਖ਼ਤਰਨਾਕ ਡੋਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸਕੂਲ ਚੇਅਰਪਰਸਨ ਸ਼੍ਰੀ ਮਤੀ ਕਮਲ ਸੈਣੀ ਅਤੇ  ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਪਤੰਗ ਉਡਾਈਆਂ, ਜਿਸ ਨਾਲ ਬੱਚਿਆਂ ਵਿੱਚ ਹੋਰ ਵੀ ਖੁਸ਼ੀ ਦੀ ਲਹਿਡੳਰ ਦੌੜ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਵੇਲੇ ਸਾਵਧਾਨੀਆਂ ਅਪਣਾਉਣ ਅਤੇ ਖਾਸ ਕਰਕੇ ਚਾਈਨਾ ਡੋਰ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਡਾ. ਹਮੀਲੀਆ ਰਾਣੀ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਵਿੱਚ ਹਰ ਤਿਉਹਾਰ ਨੂੰ ਪ੍ਰੇਮ, ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਤਾਂ ਜੋ ਬੱਚਿਆਂ ਵਿੱਚ ਸੱਭਿਆਚਾਰਕ ਮੁੱਲਾਂ ਦੇ ਨਾਲ-ਨਾਲ ਰਾਸ਼ਟਰੀ ਏਕਤਾ ਦੀ ਭਾਵਨਾ ਵਿਕਸਿਤ ਕੀਤੀ ਜਾ ਸਕੇ।