ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ‘ਕ੍ਰਿਸਮਿਸ’ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਸੈਂਟਾ ਕਲੌਜ਼ ਦਾ ਭੇਸ ਬਣਾ ਕੇ ‘ਜਿੰਗਲ ਬੈਲ -ਜਿੰਗਲ ਬੈਲ’ਗਾਣੇ ਉੱਪਰ ਡਾਂਸ ਕੀਤਾ ਗਿਆ ਅਤੇ ਸਭਾ ਵਿੱਚ ਮੌਜੂਦ ਵਿਦਿਆਰਥੀਆਂ ਵਿੱਚ ਟੌਫੀਆਂ ਵੰਡੀਆਂ ਗਈਆਂ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਚਾਰਟ ਅਤੇ ਆਰਟੀਕਲ ਰਾਹੀਂ ਇਸ ਦਿਨ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਿਸਮਸ ਹਰ ਸਾਲ 25 ਦਸੰਬਰ ਨੂੰ ਯੀਸ਼ੂ ਮਸੀਹ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਸ ਦਿਨ ਤੋਂ 12 ਦਿਨ ਦੇ ਉਤਸਵ ਕ੍ਰਿਸਮਸਟਾਇਡ ਦੀ ਵੀ ਸ਼ੁਰੂਆਤ ਹੁੰਦੀ ਹੈ। ਇਸਾਈ ਭਾਈਚਾਰੇ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਆਧੁਨਿਕ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਇੱਕ ਦੂਜੇ ਨੂੰ ਉਪਹਾਰ ਦੇਣਾ, ਗਿਰਜਾ ਘਰ ਵਿੱਚ ਸਮਾਰੋਹ ਅਤੇ ਵੱਖ ਵੱਖ ਸਜਾਵਟਾਂ ਕਰਨਾ ਸ਼ਾਮਿਲ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਦਿਨ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਈਬਲ ਦੇ ਅਨੁਸਾਰ, ਨਾਜ਼ਰਤ ਸ਼ਹਿਰ ਵਿੱਚ ਮਰੀਅਮ (ਮੈਰੀ) ਨਾਮ ਦੀ ਇੱਕ ਕੁਆਰੀ ਕੁੜੀ ਰਹਿੰਦੀ ਸੀ । ਇੱਕ ਦਿਨ ਪਰਮੇਸ਼ੁਰ ਨੇ ਜਿਬਰਾਏਲ ਨਾਮ ਦੇ ਇੱਕ ਦੂਤ ਨੂੰ ਮਰੀਅਮ ਕੋਲ ਭੇਜਿਆ। ਦੂਤ ਨੇ ਮਰੀਅਮ ਨੂੰ ਕਿਹਾ, “ਤੈਨੂੰ ਪਰਮੇਸ਼ੁਰ ਦੀ ਕਿਰਪਾ ਮਿਲੀ ਹੈ। ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਅਤੇ ਉਸਦਾ ਨਾਮ ਯਿਸੂ ਰੱਖਣਾ।” ਉਸ ਸਮੇਂ ਰੋਮ ਦੇ ਰਾਜੇ ਨੇ ਜਨਗਣਨਾ ਕਰਵਾਉਣ ਦਾ ਹੁਕਮ ਦਿੱਤਾ। ਇਸ ਲਈ ਮਰੀਅਮ ਅਤੇ ਉਸਦਾ ਪਤੀ ਯੂਸਫ਼ ਆਪਣੇ ਜੱਦੀ ਸ਼ਹਿਰ ਬੈਥਲਹਮ ਵੱਲ ਚਲੇ ਗਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਸ਼ਹਿਰ ਵਿੱਚ ਬਹੁਤ ਭੀੜ ਸੀ ਅਤੇ ਕਿਸੇ ਵੀ ਸਰਾਂ ਵਿੱਚ ਰਹਿਣ ਲਈ ਕੋਈ ਥਾਂ ਨਹੀਂ ਮਿਲੀ। ਆਖਰਕਾਰ, ਇੱਕ ਨੇਕ ਦਿਲ ਵਿਅਕਤੀ ਨੇ ਉਹਨਾਂ ਨੂੰ ਆਪਣੀ ਗਊਸ਼ਾਲਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ। ਉੱਥੇ ਹੀ ਅੱਧੀ ਰਾਤ ਨੂੰ ਪ੍ਰਭੂ ਯਿਸੂ ਦਾ ਜਨਮ ਹੋਇਆ। ਉਹਨਾਂ ਅੱਗੇ ਦੱਸਿਆ ਸਾਂਤਾ ਕਲਾਜ (ਜਿਸ ਨੂੰ ” ਕ੍ਰਿਸਮਸ ਦਾ ਪਿਤਾ” ਵੀ ਕਿਹਾ ਜਾਂਦਾ ਹੈ ) ਕ੍ਰਿਸਮਸ ਨਾਲ ਜੁੜੀ ਇੱਕ ਲੋਕ ਪਿਆਰੀ ਪ੍ਰਾਚੀਨ ਸ਼ਖਸੀਅਤ ਹੈ ਜਿਸ ਨੂੰ ਅਕਸਰ ਕ੍ਰਿਸਮਸ ’ਤੇ ਬੱਚਿਆਂ ਲਈ ਤੋਹਫ਼ੇ ਲਿਆਉਣ ਦੇ ਨਾਲ ਜੋੜਿਆ ਜਾਂਦਾ ਹੈ। ਦੁਨੀਆ ਭਰ ਦੇ ਜਿਆਦਾਤਰ ਦੇਸ਼ਾਂ ਵਿੱਚ ਇਹ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕ੍ਰਿਸਮਸ ਦੀ ਪੂਰਵ ਸ਼ਾਮ ਯਾਨੀ 24 ਦਸੰਬਰ ਨੂੰ ਹੀ ਕਈ ਦੇਸ਼ਾਂ ਵਿੱਚ ਇਸ ਨਾਲ ਜੁੜੇ ਸਮਾਰੋਹ ਸ਼ੁਰੂ ਹੋ ਜਾਂਦੇ ਹਨ। ਕ੍ਰਿਸਮਿਸ ਦੇ ਤਿਉਹਾਰ ਤੇ ਪਾਈਨ ਜਾਂ ਸਪਰੂਸ ਦਾ ਰੁੱਖ ਲਾਈਟਾਂ ਅਤੇ ਗਹਿਣਿਆਂ ਨਾਲ ਸਜਾਇਆ ਜਾਂਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਬੱਚਿਆਂ ਨੂੰ ਕਿਹਾ ਕਿ ਭਾਰਤ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹਨ। ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਲੈਕੇ ਆਉਂਦੇ ਹਨ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੇ ਨਾਲ ਕਈ ਤਿਉਹਾਰ ਜੁੜੇ ਹੋਏ ਹਨ ਜੋ ਉਹਨਾਂ ਧਰਮਾਂ ਦੀ ਪਿਛੋਕੜ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਸਾਨੂੰ ਹਰ ਇੱਕ ਧਰਮ ਅਤੇ ਉਸ ਨਾਲ ਜੁੜੇ ਹੋਏ ਤਿਉਹਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਹਰ ਇੱਕ ਤਿਉਹਾਰ ਨੂੰ ਪੂਰੀ ਖੂਸ਼ੀ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਸਕੂਲ ਪ੍ਰਸ਼ਾਸਨ ਵੱਲੋਂ ਸਟਾਫ ਵਿੱਚ ਚੌਕਲੇਟ ਵੰਡ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।