ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਵਿਦਿਆਰਥੀਆਂ ਨੇ ਇਸ ਦਿਨ ਨਾਲ ਸਬੰਧਤ ਚਾਰਟ ਪੇਸ਼ ਕੀਤੇ ਅਤੇ ਇਸ ਦਿਨ ਬਾਰੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ। ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਹਰ ਸਾਲ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ 73ਵੇਂ ਸੰਵਿਧਾਨ ਸੰਸ਼ੋਧਨ ਤਹਿਤ 1992 ਹੈ ਜੋ ਅਪ੍ਰੈਲ 1993 ਤੋਂ ਲਾਗੂ ਹੋਇਆ ਸੀ ਹਾਲਾਂਕਿ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਪੰਚਾਇਤੀ ਰਾਜ ਚਲਿਆ ਆ ਰਿਹਾ ਸੀ। 24 ਅਪ੍ਰੈਲ 1993 ਨੂੰ ਗ੍ਰਾਮ, ਮੱਧਵਰਤੀ ਤੇ ਜਿਲਾ੍ਹ ਪੱਧਰੀ ਪੰਚਾਇਤਾਂ ਹੌਂਦ ਵਿੱਚ ਆਈਆਂ। ਭਾਰਤੀ ਸੰਵਿਧਾਨ ਪੰਚਾਇਤਾਂ ਨੂੰ ਸਵੈ-ਸ਼ਾਸਨ ਦੇ ਸੰਸਥਾਨਾਂ ਵਜੋਂ ਮਾਨਤਾ ਦਿੰਦਾ ਹੈ। ਸਾਡੇ ਦੇਸ਼ ਵਿੱਚ 2.54 ਲੱਖ ਕਰੀਬ ਪੰਚਾਇਤਾਂ ਹਨ, 6829 ਬਲਾਕ ਪੰਚਾਇਤਾਂ ਅਤੇ 659 ਜਿਲ੍ਹਾ ਪੰਚਾਇਤਾਂ ਹਨ। 31.5 ਲੱਖ ਦੇ ਕਰੀਬ ਪੰਚਾਇਤ ਨੁਮਾਇੰਦੇ ਹਨ। ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਲੋਕਤੰਤਰ ਪ੍ਰਣਾਲੀ ਵਿੱਚ ਪੰਚਾਇਤ ਸੱਭ ਤੋਂ ਛੋਟੀ ਇਕਾਈ ਹੈ। ਇੱਕ ਪਿੰਡ ਦੇ ਪੱਧਰ ਤੇ ਪੰਚਾਇਤ ਆਪਣੇ ਆਪ ਵਿੱਚ ਇੱਕ ਪੂਰੀ ਸਰਕਾਰ ਦੀ ਜਿੰਮੇਦਾਰੀ ਸੰਭਾਲਦੀ ਹੈ। ਸਕੂਲ ਵਿੱਚ ਅੱਜ ਵਿਦਿਆਰਥੀਆਂ ਵੱਲੋਂ ਸਟੇਜ ਉੱਪਰ ਪਿੰਡ ਦੀ ਪੰਚਾਇਤ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਇਹ ਦਿਖਾਇਆ ਗਿਆ ਕਿ ਕਿਸ ਤਰਾਂ੍ਹ ਪਿੰਡਾ ਦੀ ਪੰਚਾਇਤ ਕੰਮ ਕਰਦੀ ਹੈ। ਕਿਸ ਤਰਾਂ ਪਿੰਡ ਦੇ ਲੋਕ ਵੋਟਾਂ ਰਾਹੀਨ ਪੰਚਾਂ ਨੂੰ ਚੁਣਦੇ ਹਨ ਤੇ ਫਿਰ ਸਰਪੰਚ ਚੁਣਿਆ ਜਾਂਦਾ ਹੈ। ਇਸ ਦੇ ਨਾਲ ਇਹ ਵੀ ਦਿਖਾਇਆ ਗਿਆ ਕਿ ਕਿਸ ਤਰਾਂ ਪਿੰਡ ਦੇ ਲੋਕ ਸਰਪੰਚ ਕੋਲ ਆਪਣੀਆਂ ਸਮੱਸਿਆਵਾਂ ਬਾਰੇ ਦੱਸਦੇ ਹਨ। ਉਹਨਾਂ ਨੇ ਦਰਸ਼ਾਇਆ ਕਿ ਛੋਟੇ ਪੱਧਰ ਦੇ ਕਈ ਪ੍ਰਕਾਰ ਦੇ ਜੈਲਦਾਰੀ ਅਤੇ ਫੌਜਦਾਰੀ ਮਸਲਿਆਂ ਦਾ ਹੱਲ ਪੰਚਾਇਤੀ ਪੱਧਰ ਤੇ ਹੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਦੇ ਵੱਖ-ਵੱਖ ਕੰਮ ਜਿਵੇਂ, ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ, ਗੰਦੇ ਪਾਣੀ ਦੀ ਨਿਕਾਸੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਉਚਤ ਪ੍ਰਬੰਧ ਕਰਨਾ ਵੀ ਪੰਚਾਇਤ ਦੀ ਹੀ ਜ਼ਿੰਮੇਦਾਰੀ ਬਣਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦਿਨ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਨੂੰ ਕਈ ਪ੍ਰਕਾਰ ਦੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।