ਮੋਗਾ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵੱਲੋਂ ‘ਦੇਹ ਸ਼ਿਵਾ ਵਰ ਮੋਹੇ ਇਹ’ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸਨੇ ਪੂਰੇ ਮਾਹੌਲ ਨੂੰ ਆਤਮਿਕਤਾ ਨਾਲ ਭਰ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਨ੍ਹਾਂ ਦੇ ਬਲਿਦਾਨ ਅਤੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਅਦੁੱਤੀ ਸਥਾਨ ਨਾਲ ਸੰਬੰਧਿਤ ਸੁੰਦਰ ਚਾਰਟ ਅਤੇ ਲੇਖ ਪੇਸ਼ ਕੀਤੇ। ਬੱਚਿਆਂ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਸਿੱਖ ਪੰਥ ਦੇ ਨੌਵੇਂ ਗੁਰੂ ਸਨ, ਜਿਨ੍ਹਾਂ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਉਨ੍ਹਾਂ ਦੇ ਮਾਤਾ–ਪਿਤਾ ਸਨ। ਉਨ੍ਹਾਂ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਉਸ ਮਹਾਨ ਕੁਰਬਾਨੀ ਬਾਰੇ ਜਾਣੂ ਕਰਵਾਇਆ ਜਿਸ ਨੇ ਮਨੁੱਖਤਾ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਇ ਲਿਖ ਦਿੱਤਾ। ਉਹਨਾਂ ਦੱਸਿਆ ਕਿ ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪਰੇਸ਼ਾਨ ਹੋ ਕੇ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ, ਤਾਂ ਗੁਰੂ ਜੀ ਨੇ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਦਾ ਫੈਸਲਾ ਕੀਤਾ। ਨੌਂ ਸਾਲ ਦੇ ਬਾਲ ਗੋਬਿੰਦ ਰਾਇ ਜੀ (ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ) ਦੀ ਪ੍ਰੇਰਣਾ ਨਾਲ ਗੁਰੂ ਸਾਹਿਬ ਨੇ ਇਹ ਮਹਾਨ ਕੁਰਬਾਨੀ ਸਵੀਕਾਰ ਕੀਤੀ। ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਜਬਰੀ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਪਰ ਗੁਰੂ ਜੀ ਨੇ ਆਪਣੀ ਧਰਮਕ ਅਡੋਲਤਾ ਕਾਇਮ ਰੱਖੀ ਅਤੇ ਸਿਰ ਨਿਵਾਉਣ ਦੀ ਥਾਂ ਸੀਸ ਦੇਣ ਨੂੰ ਤਰਜੀਹ ਦਿੱਤੀ। ਅੰਤ, ਚਾਂਦਨੀ ਚੌਕ ਵਿੱਚ ਉਨ੍ਹਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ। ਇਸ ਥਾਂ ਨੂੰ ਅੱਜ ‘ਗੁਰੁਦੁਆਰਾ ਸ਼ੀਸ਼ ਗੰਜ ਸਾਹਿਬ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਪੰਜਾਬੀ ਅਧਿਆਪਕ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਪ੍ਰੇਰਣਾਦਾਈ ਹਨ। ਗੁਰੂ ਸਾਹਿਬ ਨੇ ਸਿਖਾਇਆ ਕਿ ‘ਮਨੁੱਖਤਾ’ ਸਭ ਤੋਂ ਵੱਡਾ ਧਰਮ ਹੈ। ਉਹ ਨਿਡਰਤਾ, ਤਿਆਗ, ਸਹਿਨਸ਼ੀਲਤਾ ਅਤੇ ਸਚ ਦੇ ਪੱਖਦਾਰ ਸਨ। ਉਹਨਾਂ ਨੂੰ ‘ਹਿੰਦ ਦੀ ਚਾਦਰ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਪੂਰੇ ਦੇਸ਼ ਦੀ ਧਰਮਿਕ ਅਤੇ ਸਮਾਜਿਕ ਅਜ਼ਾਦੀ ਦੀ ਰੱਖਿਆ ਲਈ ਆਪਣਾ ਸਰਵੋਚ ਬਲੀਦਾਨ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਿਰਫ਼ ਕੁਰਬਾਨੀ ਹੀ ਨਹੀਂ, ਸਗੋਂ ਆਤਮਿਕਤਾ, ਸ਼ਾਂਤੀ, ਧੀਰਜ ਅਤੇ ਧਰਮ ਪ੍ਰਤੀ ਸਮਰਪਣ ਦੀ ਜੀਵੰਤ ਮਿਸਾਲ ਹੈ। ਉਨ੍ਹਾਂ ਨੇ ਸੈਂਕੜਿਆਂ ਕਵਿਤਾਵਾਂ ਅਤੇ ਸ਼ਬਦਾਂ ਰਾਹੀਂ ਮਨੁੱਖ ਨੂੰ ਡਰ-ਭਰਮ ਤੋਂ ਰਹਿਤ ਜੀਵਨ ਜੀਣ, ਸੱਚ ਦੀ ਰਾਹੀਂ ਤੁਰਨ ਅਤੇ ਅਟਲ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੁਆਰਾ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੋਭਾ ਪਾਉਂਦੀ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਨਵੀਂ ਪੀੜੀ ਨੂੰ ਧਰਮ, ਇਤਿਹਾਸ ਅਤੇ ਮਹਾਨ ਗੁਰਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਇਕ ਅਹਿਮ ਜਿੰਮੇਵਾਰੀ ਹੈ। ਸਕੂਲ ਵੱਲੋਂ ਅਜੇਹੇ ਸਮਾਗਮ ਸਮੇਂ-ਸਮੇਂ ਤੇ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਵਿੱਚ ਆਦਰ, ਮੂਲ ਸੰਸਕਾਰ ਅਤੇ ਮਨੁੱਖਤਾ ਪ੍ਰਤੀ ਪਿਆਰ ਪੈਦਾ ਹੋਵੇ।