ਬਲੂਮਿੰਗ ਬਡਜ਼ ਸਕੂਲ ਵਿਖੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ‘ਈਕੋ ਕਲਬਸ ਫੋਰ ਮਿਸ਼ਨ ਲਾਈਫ’ ਵਿਸ਼ੇ ਦੇ ਅਧਾਰ ਤੇ ਅਧਿਆਪਕਾਂ ਨੂੰ ਦਿੱਤੀ ਟ੍ਰੇਨਿਂਗ

ਸੀਬੀਐਸਈ ਪੇਰੈਂਟਿੰਗ ਕੈਲੰਡਰ 2025-26 'ਤੇ ਅਧਿਆਪਕਾਂ ਨਾਲ ਚਰਚਾ ਕੀਤੀ ਗਈ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਕੂਲ ਦੇ ਟੀਚਿੰਗ ਸਟਾਫ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਵਿਸ਼ਿਆਂ ਉੱਪਰ ਚਰਚਾ ਕੀਤੀ ਗਈ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ‘ਈਕੋ ਕਲਬਸ ਫੋਰ ਮਿਸ਼ਨ ਲਾਈਫ’ ਵਿਸ਼ੇ ਦੇ ਅਧਾਰ ਤੇ ਸਾਰੇ ਅਧਿਆਪਕਾਂ ਨੂੰ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ-2020, ਵਾਤਾਵਰਨ ਦੇ ਪ੍ਰਤੀ ਜਾਗਰੁਕਤਾ ਨੂੰ ਵਿਦਿਆਰਥੀਆਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਦੀ ਨਾਜ਼ੁਕ ਮਹਤੱਤਾ ਉੱਪਰ ਜ਼ੋਰ ਦਿੰਦੀ ਹੈ। ਇਸ ਸਿੱਖਿਆ ਨੀਤੀ ਦਾ ਮੁੱਖ ਦ੍ਰਿਸ਼ਟਰੀਕੋਣ ਸਿੱਖਿਆਰਥੀਆਂ ਵਿੱਚ ਭਾਰਤੀ ਹੋਣ ਦਾ ਮਾਣ ਪੈਦਾ ਕਰਨ ਅਤੇ ਜੀਵਨ ਪ੍ਰਤੀ ਜਿੰਮੇਵਾਰ ਵਚਨਬੱਧਤਾ ਦਾ ਸਮਰਥਨ ਕਰਨ ਵਾਲੇ ਸੁਭਾਅ ਨੂੰ ਪੈਦਾ ਕਰਨਾ ਹੈ। ਇਹ ਨੀਤੀ ਵਾਤਾਵਰਨ ਦੀ ਸੰਭਾਲ ਦੀਆਂ ਪ੍ਰਾਚੀਨ ਭਾਰਤੀ ਪਰੰਪਰਾਵਾਂ ਨੂੰ ਵੀ ਉਜਾਗਰ ਕਰਦੀ ਹੈ। ਈਕੋ ਕਲੱਬ ਫੌਰ ਮਿਸ਼ਨ ਲਾਈਫ (ਵਾਤਾਵਰਨ ਲਈ ਜੀਵਨਸ਼ੈਲੀ) ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਚੇਤਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਇਸ ਰਾਹੀਂ ਵਿਦਿਆਰਥੀਆਂ ਨੂੰ ਮਿਸ਼ਨ ਲਾਈਫ ਥੀਮ ਨਾਲ ਜੁੜੀਆਂ ਵਾਤਾਵਰਣ ਅਨੁਕੂਲ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਨਾਲ ਉਹਨਾਂ ਵਿੱਚ ਕੁਦਰਤ ਪ੍ਰਤੀ ਜਿੰਮੇਵਾਰੀ ਦੀ ਭਾਵਨਾ ਪੈਦਾ ਹੋਵੇਗੀ। ਉਹਨਾਂ ਅੱਗੇ ਦੱਸਿਆ ਕਿ ਮਿਸ਼ਨ ਲਾਈਫ ਸਾਡੇ ਮਾਨਯੋਗ ਪ੍ਰਧਾਨਮੰਤਰੀ ਜੀ ਦੁਆਰਾ ਸ਼ੁਰੂ ਕੀਤੀ ਗਈ ਇੱਕ ਵਿਸ਼ਵਵਿਆਪੀ ਪਹਿਲ ਹੈ ਜੋ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਲਈ ਸੁਚੇਤ ਸਰੋਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੇ ਸੀ.ਬੀ.ਐਸ.ਈ. ਪੇਰੈਂਟਿੰਗ ਕਲੰਡਰ ਡੋਰ ਅਕੈਡਮਿਕ ਸੈਸ਼ਨ 2025-26 ਬਾਰੇ ਵਿਸਤਾਰ ਵਿੱਚ ਚਰਚਾ ਕੀਤੀ। ਉਹਨਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿਦਿਆਰਥੀਆਂ ਲਈ ਅਲੋਚਨਾਤਮਕ ਸੋਚ, ਸੰਪੂਰਨ ਸਿੱਖਿਆ, ਸਹਿਯੋਗ, ਸਿਹਤ ਅਤੇ ਤੰਦਰੁਸਤੀ, ਕਦਰਾਂ ਕੀਮਤਾਂ ਅਤੇ ਸੰਪੂਰਨ ਵਿਕਾਸ ਦੀ ਸੋਚ ਉੱਪਰ ਜ਼ੋਰ ਦਿੰਦੀ ਹੈ। ਇਸ ਕਲੰਡਰ ਮੁਤਾਬਿਕ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਵਾਂ ਵਿਚਕਾਰ ਸਹਿਯੋਗ ਹੀ ਸਿੱਖਿਆਂ ਪ੍ਰਣਾਲੀ ਨੂੰ ਸਫਲ ਬਣਾ ਸੱਕਦਾ ਹੈ। ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ, ਉਹਨਾਂ ਦੀ ਮਨੋਭਾਵਨਾਵਾਂ ਨੂੰ ਸਮਝਣ, ਸਿੱਖਿਆ ਦੇ ਪੱਧਰ ਦਾ ਵਿਸ਼ਲੇਸ਼ਣ ਕਰਨ, ਵਿਦਿਆਰਥੀਆਂ ਵਿੱਚ ਜਿੰਮੇਵਾਰੀਆਂ ਦੇ ਅਹਿਸਾਸ ਨੂੰ ਪੈਦਾ ਕਰਨ, ਵਿਦਿਆਰਥੀਆਂ ਲਈ ਉਹਨਾਂ ਦੀ ਸੀਮਾਵਾਂ ਨੂੰ ਤੈਅ ਕਰਨ, ਵਿਦਿਆਰਥੀਆਂ ਵਿੱਚ ਸਮਾਜਿਕ ਗੁਣਾਂ ਦਾ ਵਿਕਾਸ ਕਰਨ ਆਦਿ ਦੇ ਸੰਬੰਧ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਬਾਰੇ ਇਸ ਕਲੰਡਰ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਛੋਟੀਆਂ ਜਮਾਤਾਂ ਤੋਂ ਲੈਕੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਤੱਕ ਕੋਈ ਵੀ ਅਣਛੋਹੀਆਂ ਨਹੀਂ ਰਿਹਾ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਚੰਗੇ ਸਮਾਜਿਕ ਅਤੇ ਮੌਲਿਕ ਗੁਣਾਂ ਦਾ ਵਿਕਾਸ ਕਰਨ, ਵਿਦਿਆਰਥੀਆਂ ਨੂੰ ਆਧੂਨਿਕ ਯੁੱਗ ਦੀਆਂ ਵਿਸ਼ੇਸ਼ਤਾਵਾਂ ਅਤੇ ਕਮੀਆਂ ਪ੍ਰਤੀ ਸੁਚੇਤ ਰਹਿਣ, ਵਿਦਿਆਰਥੀਆਂ ਵਿੱਚ ਮਾਨਸਿਕ ਅਤੇ ਅਧਿਆਤਮਿਕ ਊਰਜਾ ਦਾ ਵਿਕਾਸ ਕਰਨ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਮੈਡਮ ਦਾ ਇਸ ਜਾਣਕਾਰੀ ਨਾਲ ਭਰਪੂਰ ਟ੍ਰੇਨਿੰਗ ਸੈਸ਼ਨ ਲਈ ਧੰਨਵਾਦ ਕੀਤਾ ਗਿਆ।