‘ਫੈਪ’ ਵੱਲੋਂ ਤਿਆਰ ਕੀਤਾ ਐਜੂਕੇਟਰਜ਼ ਲਈ ਪ੍ਰੋਫੈਸ਼ਨਲ ਲੋਗੋ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਰਿਲੀਜ਼

‘ਫੈਡਰੇਸ਼ਨ ਆਫ ਪ੍ਰਾਈਵੇਟ ਅਨਏਡਿਡ ਸਕੂਲਜ਼ ਅਤੇ ਐਸੋਸਿਏਸ਼ਨ ਆਫ ਪੰਜਾਬ’ ਜੋ ਕਿ ਲਗਾਤਾਰ ਪ੍ਰਾਈਵੇਟ ਸਕੂਲਾਂ ਅਤੇ ਉਹਨਾਂ ਵਿੱਚ ਕੰਮ ਕਰ ਰਹੇ ਅਧਿਆਪਕ ਵਰਗ ਦੇ ਸਨਮਾਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਫੈਡਰੇਸ਼ਨ ਵੱਲੋਂ ਪਹਿਲਾਂ ਪੰਜਾਬ ਭਰ ਦੇ ਪ੍ਰਾਇਵੇਟ ਸਕੂਲਾਂ ਤੇ ਉਹਨਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਬੀਤੇ ਦਿਨੀ 800 ਦੇ ਕਰੀਬ ਅਧਿਆਪਕਾਂ ਨੂੰ ‘ਫੈਪ ਨੈਸ਼ਨਲ ਅਵਾਰਡਜ਼’ ਦੋਰਾਨ ਸਨਮਾਨਿਤ ਕੀਤਾ ਜਿਸ ਵਿੱਚ ਪੂਰੇ ਪੰਜਾਬ ਤੋਂ ਇਲਾਵਾ 16 ਰਾਜਾਂ ਦੇ ਅਧਿਆਪਕਾਂ ਨੇ ਭਾਗ ਲਿਆ। ਇਸੇ ਲੜੀ ਨੂੰ ਅੱਗੇ ਤੋਰਦਿਆਂ ਫੈਡਰੇਸ਼ਨ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਗਿਆ, ਜਿਵੇਂ ਕਿ ਹਰ ਵਰਗ ਦੇ ਪ੍ਰੋਫੈਸ਼ਨ ਡਾਕਟਰ, ਵਕੀਲ ਆਦਿ ਦਾ ਆਪਣਾ ਪ੍ਰੋਫੈਸ਼ਨਲ ਲੋਗੋ ਹੁੰਦਾ ਹੈ। ਇਸੇ ਤਰਾਂ ਐਜੁਕੇਟਰਾਂ ਲਈ ਵੀ ਫੈਪ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੱਲੋਂ ਪ੍ਰੌਫੈਸ਼ਨਲ ਲੋਗੋ ਤਿਆਰ ਕਰਵਾਇਆ ਗਿਆ। ਜਿਸਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀ ਚੰਡੀਗੜ ਯੁਨੀਵਰਸਿਟੀ ਵਿਖੇ ਹੋਏ ਫੈਪ ਨੈਸ਼ਨਲ ਅਵਾਰਡਜ਼ ਦੋਰਾਨ ਰਿਲੀਜ਼ ਕੀਤਾ ਗਿਆ। ਰਿਲੀਜ਼ ਕਰਨ ਮੌਕੇ ਕਾਮੇਡੀ ਕਿੰਗ ਗੁਰਪ੍ਰੀਤ ਸਿੰਘ ਘੁੱਗੀ ਤੇ ਚੰਡੀਗੜ ਯੁਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੀ ਮੋਜੂਦ ਸਨ। ਪਹਿਲਾ ਲੋਗੋ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੱਲੋਂ ਮੁੱਖ ਮੰਤਰੀ ਜੀ ਦੇ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਡਾ. ਜਗਜੀਤ ਸਿੰਘ ਧੂਰੀ ਜੀ ਨੇ ਦੱਸਿਆ ਕਿ ਇਸ ਲੋਗੋ ਨੂੰ ਤਿਆਰ ਕਰਨ ਦਾ ਮੁੱਖ ਮੰਤਵ ਅਧਿਆਪਕ ਵਰਗ ਦੇ ਸਤਿਕਾਰ ਤੇ ਮਾਣ ਨੂੰ ਹੋਰ ਉੱਚਾ ਚੁੱਕਣਾ ਹੈ। ਜਿਸ ਤਰਾਂ ਕਿ ਅਸੀਂ ਬਾਹਰਲੇ ਮੁਲਕਾਂ ਵਿੱਚ ਦੇਖਦੇ ਹਾਂ ਕਿ ਅਧਿਆਪਕ ਵਰਗ ਦੇ ਲੋਕਾਂ ਨੂੰ ਹਰ ਜਗਾਹ ਤੇ ਬਹੁਤ ਮਾਣ ਤੇ ਸਤਿਕਾਰ ਦਿੱਤਾ ਜਾਂਦਾ ਹੈ ਉਦਾਹਰਣ ਦੇ ਤੌਰ ਤੇ ਉਹਨਾਂ ਦੱਸਿਆ ਕਿ ਕਈ ਦੇਸ਼ਾਂ ਦੇ ਵਿੱਚ ਤਾਂ ਇਸ ਤਰਾਂ ਵੀ ਹੋਇਆ ਹੈ ਕਿ ਕੋਈ ਅਧਿਆਪਕ ਆਪਣੇ ਕਿਸੇ ਕੇਸ ਜਾਂ ਕਿਸੇ ਹੋਰ ਕੇਸ ਦੀ ਗਵਾਹੀ ਦੇਣ ਲਈ ਅਦਾਲਤ ਵਿੱਚ ਗਿਆ ਤਾਂ ਜਦੋਂ ਜੱਜ ਨੂੰ ਇਹ ਪਤਾ ਲੱਗਾ ਕਿ ਅਦਾਲਤ ਵਿੱਚ ਇੱਕ ਅਧਿਆਪਕ ਮੋਜੂਦ ਹੈ ਤਾਂ ਉਹ ਆਪਣੀ ਕੁਰਸੀ ਤੋਂ ਉਸ ਅਧਿਆਪਕ ਦੇ ਸਨਮਾਨ ਵਿੱਚ ਖੜੇ ਹੋ ਗਏ। ਫੈਡਰੇਸ਼ਨ ਦੀ ਸੋਚ ਵੀ ਇਹੋ ਹੈ ਕਿ ਅਧਿਆਪਕਾਂ ਨੂੰ ਇਸ ਤਰਾਂ ਦਾ ਬਣਦਾ ਮਾਣ ਆਪਣੇ ਦੇਸ਼ ਵਿੱਚ ਵੀ ਮਿਲ ਸਕੇ। ਕਿਉਂਕਿ ਮਾਂ-ਬਾਪ ਤੋਂ ਬਾਅਦ ਅਧਿਆਪਕ ਹੀ ਹੁੰਦੇ ਹਨ ਜੋ ਕਿ ਵਿਦਿਆਰਥੀਆਂ ਨੂੰ ਸਿੱਖਿਆ ਦਾ ਚਾਨਣ ਪ੍ਰਦਾਨ ਕਰਦੇ ਹਨ ਤੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਡਾਕਟਰ, ਵਕੀਲ, ਇੰਜੀਨੀਅਰ ਆਦਿ ਬਣਦੇ ਹਨ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ। ਪਰ ਇਹ ਸਭ ਕੁੱਝ ਸ਼ੁਰੂ ਇੱਕ ਅਧਿਆਪਕ ਤੋਂ ਹੀ ਹੁੰਦਾ ਹੈ। ਇੱਕ ਐਜੂਕੇਸ਼ਨਿਸਟ ਜਾਂ ਇੱਕ ਅਧਿਆਪਕ ਹੀ ਇੱਕ ਚੰਗੇ ਅਤੇ ਸ਼ਕਤੀਸ਼ਾਲੀ ਸਮਾਜ ਦਾ ਨਿਰਮਾਤਾ ਬਣ ਸਕਦਾ ਹੈ। ਭਾਰਤ ਦੇਸ਼ ਵਿੱਚ ਪੁਰਤਾਨ ਸਮੇਂ ਤੋਂ ਹੀ ਸਿੱਖਿਆ ਦਾ ਕੇਂਦਰ ਰਿਹਾ ਹੈ ਅਤੇ ਸਾਡੇ ਸਮਾਜ ਵਿੱਚ ਸਿੱਖਿਆ ਦਾ ਦਾਨ ਦੇਣ ਵਾਲੇ ਗੁਰੂਆਂ ਦਾ ਦਰਜਾ ਪ੍ਰਮਾਤਮਾ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਇਸ ਮੌਕੇ ਫੈਡਰੇਸ਼ਨ ਦੇ ਸਮੂਹ ਕੋਰ ਕਮੇਟੀ ਦੇ ਮੈਂਬਰਾਂ ਦੇ ਵੀ ਇਹ ਲੋਗੋ ਲਗਾਇਆ ਗਿਆ। ਫੈਡਰੇਸ਼ਨ ਦੇ ਸਾਰੇ ਜ਼ਿਲਿਆਂ ਤੋਂ ਜਿ੍ਹਲਾ ਪ੍ਰਧਾਨ ਤੇ ਜ਼ਿਲਾ ਕੋਰ ਕਮੇਟੀ ਮੈਂਬਰ ਹਾਜ਼ਰ ਸਨ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਧੂਰੀ ਤੋਂ ਇਲਾਵਾ ਕਨਵੀਨਰ ਪੰਜਾਬ ਸ਼੍ਰੀ ਸੰਜੀਵ ਕੁਮਾਰ ਸੈਣੀ, ਸੀਨੀਅਰ ਮੀਤ ਪ੍ਰਧਾਨ ਸੰਜੇ ਗੁਪਤਾ, ਮੀਤ ਪ੍ਰਧਾਨ ਮਨਮੋਹਨ ਸਿੰਘ, ਮੀਤ ਪ੍ਰਧਾਨ ਸੁਖਜਿੰਦਰ ਸਿੰਘ, ਸੈਕਟਰੀ ਭੁਪਿੰਦਰ ਸਿੰਘ ਪਟਿਆਲਾ, ਜੁਆਇੰਟ ਸੈਕਟਰੀ ਅਨਿਲ ਮਿੱਤਲ ਵੀ ਹਾਜ਼ਰ ਸਨ।