ਜ਼ਿਲਾ ਮੋਗਾ ਦੇ ਸਕੂਲਾਂ ਦੇ ਮੈਨੇਜਮੈਂਟ ਤੇ ਅਧਿਆਪਕਾਂ ਵੱਲੋਂ ਕੀਤਾ ਗਿਆ ਸਕੂਲ ਬੰਦ ਦਾ ਵਿਰੋਧ ਪ੍ਰਦਰਸ਼ਨ

ਰਾਜਨਿਤਿਕ ਰੈਲੀਆਂ ਤੇ ਕੋਈ ਰੋਕ ਨਹੀਂ ਤਾਂ ਸਕੂਲ ਖੋਲਣ ਤੇ ਰੋਕ ਕਿਉਂ- ਸੈਣੀ

ਪੰਜਾਬ ਭਰ ਵਿੱਚ ਅੱਜ ਸਕੂਲ ਬੰਦ ਹੋਣ ਕਰਕੇ ਸਕੂਲਾਂ ਵੱਲੋਂ ਵਿਰੋਧ ਜਾਰੀ ਹੈ ਇਸ ਦੇ ਤਹਿਤ ਹੀ ਅੱਜ ਜ਼ਿਲਾ ਮੋਗਾ ਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟ ਤੇ ਅਧਿਆਪਕਾਂ ਵੱਲੋਂ ਮੋਗਾ ਕੋਟਕਪੁਰਾ ਰੋਡ ਦੇ ਚੌਂਕ ਵਿੱਚ ਅਤੇ ਪਿੰਡ ਸਿੰਘਾਵਾਲਾ ਵਿਖੇ ਪੈਂਦੇ ਟੋਲ ਪਲਾਜ਼ਾ ਤੇ ਸ਼ਾਂਤਮਈ ਤਰੀਕੇ ਨਾਲ ਸਕੂਲਾਂ ਦੇ ਬੰਦ ਹੋਣ ਦਾ ਵਿਰੋਧ ਕੀਤਾ। ਸੜਕ ਦੇ ਦੋਨਾਂ ਪਾਸੇ ਅਧਿਆਪਕਾਂ ਨੇ ਹੱਥ ਵਿੱਚ “ਨੋ ਸਕੂਲ ਨੋ ਵੋਟ” ਦੇ ਬੈਨਰ ਫੜ ਕੇ ਆਪਣਾ ਰੋਸ ਜ਼ਾਹਰ ਕੀਤਾ। ਗੋਰਤਲਬ ਹੈ ਕਿ ਜਿੱਥੇ ਦੇਸ਼ ਭਰ ਵਿੱਚ ਕਈ ਰਾਜਾਂ ਨੇ ਸਕੂਲ ਖੋਲਣ ਦੀ ਮੰਜੂਰੀ ਦੇ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ 8 ਫਰਵਰੀ ਤੱਕ ਇੱਕ ਵਾਰ ਫਿਰ ਸਾਰੇ ਸਕੂਲ ਬੰਦ ਕਰ ਦਿੱਤੇ ਹਨ। ਇਸ ਮੌਕੇ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ਼੍ਰੀ ਦਵਿੰਦਰਪਾਲ ਸਿੰਘ ਰਿੰਪੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲਜ਼ ਤੇ ਐਸੋਸਿਏਸ਼ਨ ਆਫ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਵਿੱਚ 3 ਫਰਵਰੀ ਤੋਂ ਲਗਾਤਾਰ ਸਕੂਲ ਬੰਦ ਦਾ ਵਿਰੋਧ ਜਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਰਾਜਨੈਤਿਕ ਰੈਲੀਆ ਹੋ ਰਹੀਆ ਹਨ ਤੇ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ, ਪਰ ਸਿਰਫ ਸਕੂਲਾਂ ਨੂੰ ਹੀ ਕਰੋਨਾਂ ਦਾ ਨਾਮ ਦੇ ਕੇ ਬੰਦ ਕੀਤਾ ਜਾ ਰਿਹਾ ਹੈ ਜੋ ਕਿ ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਜਦੋਂ ਕਿ ਕੇਂਦਰ ਸਰਕਾਰ ਅਤੇ ਸਿੱਖਿਆ ਮੰਤਰਾਲਾ ਦੇ ਨਵੇ ਹੁਕਮਾਂ ਮੁਤਾਬਕ ਰਾਜ ਸਰਕਾਰਾਂ ਆਫਲਾਈਨ ਕਲਾਸਾਂ ਲਈ ਸਕੂਲ ਖੋਲ ਸਕਦੀਆਂ ਹਨ। ਪਰ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ। ਇਸ ਕਰਕੇ ਹੀ ਫੈਡਰੇਸ਼ਨ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਹੈ ਕਿ ਅਗਰ ਸਕੂਲ ਨਹੀਂ ਖੋਲੇ ਜਾਂਦੇ ਤਾਂ ਸਿੱਖਿਆ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਪੰਜਾਬ ਭਰ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੇ ਇਲੈਕਸ਼ਨਾਂ ਦੋੌਰਾਨ ਕੌਈ ਵੋਟ ਨਹੀਂ ਪਾਉਣਗੇ। ਉਹਨਾਂ ਅੱਗੇ ਕਿਹਾ ਕਿ ਅਗਰ ਸਰਕਾਰ ਵੱਲੋਂ ਸਕੂਲ ਨਹੀਂ ਕੋਲੇ ਜਾਂਦੇ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਏਗਾ। ਸਕੂਲਾਂ ਵਿੱਚ ਪੜਦੇ ਬੱਚਿਆ ਦੇ ਮਾਪੇ ਵੀ ਸਕੂਲਾਂ ਨਾਲ ਲਗਾਤਾਰ ਸਕੂਲ ਖੋਲਣ ਦੀ ਮੰਗ ਕਰ ਰਹੇ ਹਨ ਤੇ ਕਈ ਥਾਵਾਂ ਤੇ ਮਾਪੇ ਆਪਣੇ ਬੱਚਿਆ ਨੂੰ ਸਕੂਲ ਵਿੱਚ ਵੀ ਛੱਡ ਕੇ ਜਾ ਰਹੇ ਹਨ ਅਜਿਹੀ ਸਥਿਤੀ ਵਿੱਚ ਅਗਰ ਸਰਕਾਰ ਨੇ ਸਕੂਲ ਖੋਲਣ ਸੰਬੰਧੀ ਕੋਈ ਫੈਸਲਾ ਨਾ ਲਿਆ ਤਾਂ ਸਕੂਲ ਆਉਣ ਵਾਲੇ ਬੱਚਿਆ ਨੂੰ ਪੜਾਉਣਾ ਵੀ ਅਧਿਆਪਕਾਂ ਦੀ ਮਜਬੂਰੀ ਹੋ ਜਾਵੇਗੀ। ਪਿੱਛਲੇ ਸਾਲ ਵੀ ਪੰਜਾਬ ਵਿੱਚ ਸਕੂਲ ਬੰਦ ਕਰ ਦਿੱਤੇ ਕਰ ਗਏ ਸਨ ਜਦ ਕਿ ਦੁਨੀਆਂ ਭਰ ਦੇ ਜ਼ਿਆਦਾਤਰ ਸਕੂਲ ਖੁੱਲ੍ਹੇ ਰਹੇ। ਪਿੱਛਲੇ ਸਾਲ ਵੀ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਗਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ ਸਨ। ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਜਿੱਥੇ ਕਈ ਰਾਜਾਂ ਨੇ 2 ਫਰਵਰੀ ਤੋਂ ਸਕੂਲ ਵਿਦਆਰਥੀਆਂ ਲਈ ਖੋਲ ਦਿੱਤੇ ਹਨ ਪਰ ਪੰਜਾਬ ਵਿੱਚ ਸਕੂਲ ਅਜੇ ਤੱਕ ਨਹੀਂ ਖੋਲੇ ਜਾ ਰਹੇ ਜਦ ਕਿ ਬਜ਼ਾਰ, ਸਿਨੇਮਾ ਹਾਲ ਅਤੇ ਹਰ ਕਿਸਮ ਦੇ ਹੋਰ ਸ਼ਾਪਿੰਗ ਮਾਲ ਪਹਿਲਾਂ ਹੀ ਖੁੱਲ੍ਹੇ ਹਨ। ਪਬਲਿਕ ਟਰਾਂਸਪੋਰਟ ਵਿੱਚ ਵੀ ਲੋਕ ਬਿਨਾਂ ਕਿਸੇ ਰੋਕ ਤੋਂ ਸਫਰ ਕਰ ਰਹੇ ਹਨ। ਇਸ ਦੌਰਾਨ ਵਿਰੋਧ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਆਨਲਾਈਨ ਕਲਾਸਾਂ ਲਗਾਉਣ ਨਾਲ ਜਿੱਥੇ ਵਿਦਆਰਥੀਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ ਉੱਥੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਵੀ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਵਿੱਚ ਸਕੂਲ ਖੋਲਣੇ ਬਹੁਤ ਜ਼ਰੂਰੀ ਹੈ ਕਿਉਂਕਿ ਮਾਰਚ ਵਿੱਚ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਆ ਰਹੀਆਂ ਹਨ ਜਿਸ ਤੋਂ ਪਹਿਲਾਂ ਵਿਦਿਆਰਥੀਆਂ ਦਾ ਸਕੂਲ ਵਿੱਚ ਆ ਕੇ ਪੜਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬਲੂਮਿੰਗ ਬਡਜ਼ ਸਕੂਲ ਮੋਗਾ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਡੀ.ਐੱਨ ਮਾਡਲ ਸਕੂਲ, ਬਲੂਮਿੰਗ ਬਡਜ਼ ਸ.ਸ. ਸਕੂਲ ਚੰਦ ਨਵਾਂ, ਲਾਲਾ ਲਾਜਪਤ ਰਾਏ ਇੰਟਰਨੈਸਨਲ ਸਕੂਲ, ਸੈਕਰਡ ਹਰਟ ਸਕੂਲ, ਜਗਤ ਸੇਵਕ ਸਕੂਲ ਆਦਿ ਦੇ ਅਧਿਆਪਕ ਮੋਜੂਦ ਸਨ।