ਕੇ.ਐੱਸ. ਮੱਖਣ ਹੋਣਗੇ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਦੀਆਂ 9ਵੀਆਂ ਸਲਾਨਾ ਸਪੋਰਟਸ ਮੀਟ ਦਾ ਹਿੱਸਾ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿੱਚ ਹੋਣ ਜਾ ਰਹੀ 9ਵੀਂ ਸਲਾਨਾਂ ਸਪੋਰਟਸ ਮੀਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬੰਧੀ ਜਾਣਕਾਰੀ ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਲਈ 20 ਤੋਂ ਵੱਧ ਇੰਡੋਰ ਅਤੇ ਆਉਟਡੋਰ ਖੇਡਾਂ ਦੇ ਨਾਲ-ਨਾਲ ਲਗਭਗ 19 ਟ੍ਰੈਕ ਅਤੇ ਫੀਲਡ ਈਵੈਂਟ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਲਈ 110 ਗੋਲਡ, 110 ਸਿਲਵਰ ਅਤੇ 110 ਕਾਂਸੇ ਦੇ ਤਗਮੇ ਸਮੇਤ ਕਈ ਆਕਰਸ਼ਕ ਟ੍ਰਾਫੀਆਂ ਦਾਅ ‘ਤੇ ਹੋਣਗੀਆਂ। ਡਾ. ਸੈਣੀ ਨੇ ਖੁਸ਼ੀ ਨਾਲ ਦੱਸਿਆ ਕਿ ਮਸ਼ਹੂਰ ਪੰਜਾਬੀ ਗਾਇਕ ਕੇ.ਐੱਸ. ਮੱਖਣ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਿੱਚ ਪਿਛਲੇ ਦਸ ਦਿਨਾਂ ਤੋਂ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ, ਜਿਨ੍ਹਾਂ ਦੌਰਾਨ ਕਈ ਸੈਮੀ-ਫਾਈਨਲ ਅਤੇ ਫਾਈਨਲ ਮੁਕਾਬਲੇ ਵੀ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਲਾਨਾ ਸਪੋਰਟਸ ਮੀਟ ਦੇ ਮੌਕੇ ਸਾਲ ਭਰ ਦੌਰਾਨ ਟੈਲੈਂਟ ਹੰਟ, ਐਕਟਿੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਅਕ ਖੇਤਰ ਵਿੱਚ ਉਤਕ੍ਰਿਸ਼ਟ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀ, ਸਾਲ 2024-25 ਦੌਰਾਨ 100 ਪ੍ਰਤੀਸ਼ਤ ਹਾਜ਼ਰੀ ਰੱਖਣ ਵਾਲੇ ਬੱਚੇ, ਫੀਲਡ ਮਾਰਸ਼ਲ, ਸਕੂਲ ਕੈਪਟਨ ਅਤੇ ਹਾਊਸ ਕੈਪਟਨ ਵੀ ਟ੍ਰਾਫੀਆਂ ਅਤੇ ਸਰਟੀਫਿਕੇਟ ਪ੍ਰਾਪਤ ਕਰਨਗੇ। ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਨੇ ਕਿਹਾ ਕਿ 9ਵੀਂ ਸਲਾਨਾਂ ਸਪੋਰਟਸ ਮੀਟ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਖੂਬਸੂਰਤ ਸੁਮੇਲ ਹੋਵੇਗੀ। ਇਸ ਦੌਰਾਨ ਗਿੱਧਾ, ਭੰਗੜਾ, ਖੇਤਰੀ ਨ੍ਰਿਤ੍ਯ, ਕੋਰੀਓਗ੍ਰਾਫੀ, ਪੀ.ਟੀ. ਡਿਸਪਲੇਅ ਆਦਿ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਉਚਿਤ ਮੰਚ ਪ੍ਰਦਾਨ ਕਰਨਾ ਹੈ।