ਮੋਗਾ ਦੇ ਪ੍ਰਾਈਵੇਟ ਅਨਏਡਿਡ ਸਕੂਲਾਂ ਦੀ ਐਸੋਸਿਏਸ਼ਨ ਦੀ ਸ਼ਹਿਰੀ ਇਕਾਈ ਵੱਲੋਂ ਮੁੱਖ ਮੰਤਰੀ ਦੇ ਰੰਗਲਾ ਪੰਜਾਬ ਫੰਡ ਲਈ 5 ਲੱਖ ਰੁਪਏ ਦੀ ਸਹਾਇਤਾ
ਇਹ ਰਾਸ਼ੀ ਹੜ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਰਤੀ ਜਾਵੇਗੀ - ਡੀ.ਸੀ
ਮੋਗਾ ਸ਼ਹਿਰ ਦੇ ਪ੍ਰਾਈਵੇਟ ਅਨਏਡਿਡ ਸਕੂਲਾਂ ਵੱਲੋਂ ਹਾਲ ਹੀ ਵਿੱਚ ਪੰਜਾਬ ਵਿੱਚ ਆਈ ਭਿਆਨਕ ਬਾੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਇਕ ਵੱਡਾ ਅਤੇ ਸਮਾਜਕ ਜ਼ਿੰਮੇਵਾਰੀ ਨੂੰ ਨਿਭਾਉਂਦਾ ਕਦਮ ਚੁੱਕਿਆ ਹੈ। ਸੂਬੇ ਵਿੱਚ ਹੋਈਆਂ ਲਗਾਤਾਰ ਭਾਰੀ ਬਾਰਸ਼ਾਂ, ਦਰਿਆਵਾਂ ਦੇ ਉਫਾਨ ਅਤੇ ਤਾਲਾਬਾਂ ਦੇ ਟੁੱਟਣ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ ਵਿੱਚ ਬਹੁਤ ਤਬਾਹੀ ਹੋਈ। ਖਾਸ ਕਰਕੇ ਨੀਵੇਂ ਇਲਾਕੇ ਪਾਣੀ ਹੇਠ ਆ ਗਏ, ਜਿਸ ਨਾਲ ਪਿੰਡ ਦੇ ਪਿੰਡ ਖਾਲੀ ਕਰਨ ਪਏ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਰੁਖ ਕਰਨਾ ਪਿਆ। ਕਈ ਪਰਿਵਾਰਾਂ ਦੇ ਮਕਾਨ ਡਿੱਗ ਗਏ, ਸਟੋਰ ਕੀਤਾ ਅਨਾਜ ਪੂਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਸਭ ਤੋਂ ਵੱਧ ਹਾਨੀ ਕਿਸਾਨਾਂ ਨੂੰ ਹੋਈ ਕਿਉਂਕਿ ਬੇਹਿਸਾਬ ਏਕੜਾਂ ਵਿੱਚ ਖੜ੍ਹੀ ਫਸਲ ਪਾਣੀ ਵਿੱਚ ਬਹਿ ਗਈ। ਇਸ ਤੋਂ ਇਲਾਵਾ, ਪਿੰਡਾਂ ਦੇ ਲੋਕਾਂ ਨੇ ਆਪਣੇ ਪਸ਼ੂਆਂ—ਜਿਵੇਂ ਮੱਝਾਂ, ਗਾਵਾਂ ਅਤੇ ਬੱਕਰੀਆਂ ਦੀ ਵੀ ਵੱਡੀ ਹਾਨੀ ਝੱਲੀ, ਜੋ ਉਨ੍ਹਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ। ਇਸ ਮੁਸ਼ਕਲ ਘੜੀ ਵਿੱਚ ਮੋਗਾ ਦੀਆਂ ਸਿੱਖਿਆ ਸੰਸਥਾਵਾਂ ਨੇ ਮਿਲਜੁਲ ਕੇ ਸਮਾਜਿਕ ਜ਼ਿੰਮੇਵਾਰੀ ਦਾ ਮਿਸਾਲ ਪੇਸ਼ ਕੀਤੀ ਹੈ। ਮੋਗਾ ਦੇ ਵੱਖ-ਵੱਖ ਪ੍ਰਾਈਵੇਟ ਅਨਏਡਿਡ ਸਕੂਲਾਂ ਨੇ ਇਕੱਠੇ ਹੋ ਕੇ 5 ਲੱਖ ਰੁਪਏ ਦੀ ਸਹਾਇਤਾ ਰਕਮ ਮਿਸ਼ਨ ਚੜ੍ਹਦੀ ਕਲਾ ਹੇਠ ਮੁੱਖ ਮੰਤਰੀ ਦੇ ਰੰਗਲਾ ਪੰਜਾਬ ਫੰਡ ਲਈ ਦਿੱਤੀ ਹੈ। ਇਹ ਸਹਾਇਤਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੁੜ-ਵਸੇਬੇ, ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਦੀ ਪੂਰਾ ਕਰਨ ਅਤੇ ਲੰਮੇ ਸਮੇਂ ਵਾਲੀਆਂ ਬਹਾਲੀ ਯੋਜਨਾਵਾਂ ਵਿੱਚ ਵਰਤੀ ਜਾਵੇਗੀ। ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਇਹ ਚੈਕ ਸੌਂਪਣ ਲਈ ਵੱਖ-ਵੱਖ ਸਕੂਲਾਂ ਦੇ ਪ੍ਰਤਿਨਿਧੀ ਮਿਲ ਕੇ ਪਹੁੰਚੇ, ਜਿਸ ਵਿੱਚ ਕੈਲੀਫੋਰਨੀਆ ਪਬਲਿਕ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ, ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਸੈਕਰਡ ਹਾਰਟ ਸਕੂਲ ਮੋਗਾ ਦੇ ਪ੍ਰਤਿਨਿਧੀ ਸਰਫਰੋਸ਼ ਅਲੀ ਭੁੱਟੋ ਅਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰਧਾਨ ਕੁਲਦੀਪ ਸਹਿਗਲ ਸ਼ਾਮਲ ਸਨ। ਇਸ ਯੋਗਦਾਨ ਨਾਲ ਸਕੂਲਾਂ ਨੇ ਇਹ ਸਾਬਤ ਕੀਤਾ ਹੈ ਕਿ ਸਿੱਖਿਆ ਸਿਰਫ਼ ਕਲਾਸਰੂਮਾਂ ਤੱਕ ਸੀਮਤ ਨਹੀਂ, ਸਗੋਂ ਸਮਾਜ ਦੀ ਭਲਾਈ ਅਤੇ ਮਨੁੱਖਤਾ ਦੀ ਸੇਵਾ ਵੀ ਉਸਦਾ ਅਟੂਟ ਹਿੱਸਾ ਹੈ। ਮੁੱਖ ਮੰਤਰੀ ਦੀ ਰੰਗਲਾ ਪੰਜਾਬ ਸੋਸਾਇਟੀ ਇਸ ਰਕਮ ਨੂੰ ਬਾੜ੍ਹ ਪੀੜਤ ਲੋਕਾਂ ਦੀ ਲੰਬੇ ਸਮੇਂ ਵਾਲੀ ਬਹਾਲੀ, ਮਕਾਨਾਂ ਦੀ ਮੁੜ-ਤਿਆਰੀ, ਪਾਣੀ-ਬਿਜਲੀ ਦੀਆਂ ਸਹੂਲਤਾਂ ਦੀ ਮੁੜ-ਬਹਾਲੀ ਅਤੇ ਜੀਵਨ ਚੱਕਰ ਨੂੰ ਦੁਬਾਰਾ ਖੜ੍ਹਾ ਕਰਨ ਲਈ ਵਰਤੇਗੀ। ਮੋਗਾ ਦੇ ਸਕੂਲਾਂ ਦਾ ਇਹ ਮਿਲਜੁਲ ਕੇ ਕੀਤਾ ਯੋਗਦਾਨ ਚੜ੍ਹਦੀ ਕਲਾ ਦੀ ਭਾਵਨਾ, ਮਨੁੱਖਤਾ ਲਈ ਸਾਂਝੇ ਜਜ਼ਬੇ ਅਤੇ ਸੂਬੇ ਦੇ ਲੋਕਾਂ ਲਈ ਖੜ੍ਹੇ ਹੋਣ ਦੀ ਤਾਕਤ ਦਾ ਜੀਵੰਤ ਉਦਾਹਰਨ ਹੈ।