ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਰੋਲਰ ਸਕੇਟਿੰਗ ਚੋਂ ਜਿੱਤੇ 3 ਮੈਡਲ

ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਹੈ। ਉੱਥੇ ਹੀ ਖੇਡਾਂ ਦੇ ਖੇਤਰ ਚ ਵੀ ਕਿਸੇ ਪੱਖੋਂ ਪਿੱਛੇ ਨਹੀਂ ਹੈ, ਬੀਤੇ ਦਿਨੀ ਮੋਗਾ ਵਿਖੇ ਕਰਵਾਏ ਗਏ ਤੀਸਰੇ ਰੋਲਰ ਸਕੇਟਿੰਗ ਮੁਕਾਬਲਿਆਂ ਵਿੱਚ ਬਲੂਮਿੰਗ ਬਡਜ਼ ਦੇ ਖਿਡਾਰੀਆਂ ਨੇ 3 ਮੈਡਲ ਜਿੱਤੇ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਹਮੀਲੀਆ ਰਾਣੀ ਨੇ ਦੱਸਿਆ ਕਿ ਸਕੇਟਰ ਹਾਕੀ ਕਲੱਬ ਵੱਲੋਂ 7 ਸਾਲ ਤੋਂ 12 ਸਾਲ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਸਕੂਲ ਦੇ ਪੰਜਵੀਂ ਕਲਾਸ ਦੀ ਵਿਦਿਆਰਥਣ ਪਵਨੂਰ ਕੌਰ ਨੇ ਗੋਲਡ ਮੈਡਲ, ਚੌਥੀ ਕਲਾਸ ਦੇ ਰਬਾਨ ਛਾਬੜਾ ਨੇ ਸਿਲਵਰ ਮੈਡਲ ਅਤੇ ਦੂਸਰੀ ਕਲਾਸ ਦੇ ਗੁਰਸਮਰ ਸਿੰਘ ਨੇ ਬ੍ਰਾਂਜ਼ ਮੈਡਲ ਜਿੱਤੇ। ਜੇਤੂ ਖਿਡਾਰੀਆਂ ਨੂੰ ਮੈਡਲ ਦੇਣ ਲਈ ਖਾਸ ਤੌਰ ਤੇ ਜਿਲਾ ਮੋਗਾ ਦੇ ਵਿਧਾਇਕ ਮੈਡਮ ਅਮਨ ਅਰੋੜਾ ਨੇ ਸ਼ਿਰਕਤ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਗਲਬਾਤ ਕਰਦਿਆ ਕਿਹਾ ਕਿ ਉਹਨਾਂ ਨੂੰ ਬੜੀ ਖੁਸੀ ਹੈ ਕਿ ਮੋਗਾ ਜ਼ਿਲੇ ਦੇ ਕਈ ਸਾਲਾਂ ਤੋਂ ਬੰਦ ਪਏ ਇੰਡੋਰ ਸਟੇਡਿਅਮ, ਗੋਧੇਵਾਲਾ ਨੂੰ ਸਾਫ ਕਰਵਾ ਕੇ ਖਿਡਾਰੀਆਂ ਲਈ ਖੋਲਿਆ ਗਿਆ ਹੈ ਤੇ ਉਹਨਾਂ ਨੇ ਸਕੇਟਰ ਹਾਕੀ ਕਲੱਬ ਦੇ ਕਮੇਟੀ ਮੈਂਬਰਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਭਰੋਸਾ ਦਵਾਇਆ ਕਿ ਅਗਰ ਇਸ ਸਟੇਡਿਅਮ ਦੀ ਸੰਭਾਲ ਵਿੱਚ ਕੋਈ ਯੋਗਦਾਨ ਦੀ ਲੋੜ ਹੋਵੇ ਤਾਂ ਉਹ ਹਰ ਸਮੇਂ ਤਿਆਰ ਹਨ ਕਿਉਂਕਿ ਅਗਰ ਆਉਣ ਵਾਲੀ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਉਹਨਾਂ ਅੰਦਰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨੀ ਹੈ ਤਾਂ ਇਸ ਤਰਾਂ ਦੇ ਸਟੇਡਿਅਮ ਦੀ ਸੰਭਾਲ ਕਰਨੀ ਜ਼ਰੂਰੀ ਹੈ ਤਾਂ ਹੀ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਅੱਜ ਸਮੇਂ ਦੀ ਲੋੜ ਵੀ ਹੈ ਕਿਉਂਕਿ ਅੱਜ ਦੇ ਤਕਨੀਕੀ ਯੁਗ ਵਿੱਚ ਵਿਦਿਆਰਥੀ ਖੇਡਾਂ ਵਿੱਚ ਰੂਚੀ ਨਹੀਂ ਲੈ ਰਹੇ ਸਗੋਂ ਮੋਬਾਇਲ ਆਦਿ ਦੀ ਵਰਤੋਂ ਜਿਆਦਾ ਕਰ ਰਹੇ ਹਨ। ਉਹਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ। ਸਕੂਲ ਵਿੱਚ ਪਹੁੰਚੇ ਜੇਤੂ ਖਿਡਾਰੀਆਂ ਨੂੰ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਭਵਿੱਖ ਵਿੱਚ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।