ਬਲੂਮਿੰਗ ਬਡਜ਼ ਸਕੂਲ਼ ਮੋਗਾ ਵਿੱਚ ਮਨਾਇਆ ਗਿਆ ‘ਇੰਟਰਨੈਸ਼ਨਲ ਯੂਥ ਡੇ’

ਨੌਜਵਾਨਾਂ ਵਿੱਚ ਦੁਨੀਆਂ ਨੂੰ ਬਦਲਣ ਦੀ ਤਾਕਤ ਹੁੰਦੀ ਹੈ : ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ‘ਇੰਟਰਨੈਸ਼ਨਲ ਯੂਥ ਡੇ’ (ਅੰਤਰਰਾਸ਼ਟਰੀ ਯੁਵਾ ਦਿਵਸ) ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ਨਾਲ ਸੰਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਆਰਟਕਿਲ ਪੇਸ਼ ਕਰਦਿਆ ਉਹਨਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੁਵਾ ਦਿਵਸ ਹਰ ਸਾਲ 12 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੁਆਤ ਸਾਲ 1999 ਵਿੱਚ ਸੰਯੁਕਤ ਰਾਸ਼ਟਰ ਸੰਘ (ਯੂ.ਐੱਨ.ਓ.) ਦੁਆਰਾ ਇੱਕ ਮਤਾ ਪਾ ਕੇ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਵੱਖ-ਵੱਖ ਸੱਭਿਆਚਾਰਕ ਅਤੇ ਕਾਨੂੰਨੀ ਮੁੱਦਿਆਂ ਨਾਲ ਘਿਰੇ ਨੌਜਵਾਨਾਂ ਦੇ ਸਮੂਹ ਵੱਲ ਧਿਆਨ ਖਿੱਚਣਾ ਹੈ। ਪਹਿਲਾ ਅੰਤਰਰਾਸ਼ਟਰੀ ਯੁਵਾ ਦਿਵਸ 12 ਅਗਸਤ, 2000 ਨੂੰ ਮਨਾਇਆ ਗਿਆ ਸੀ। ਇਸ ਦੋਰਾਨ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਨੌਜਵਾਨ ਪੀੜ੍ਹੀ ਦੇ ਸਮਾਜ ਅਤੇ ਕੌਮ ਉੱਪਰ ਪ੍ਰਭਾਵ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਨੌਜਵਾਨਾਂ ਵਿੱਚ ਦੁਨੀਆਂ ਨੂੰ ਬਦਲਣ ਦੀ ਤਾਕਤ ਹੁੰਦੀ ਹੈ। ਇਤਿਹਾਸ ਵਿੱਚੋਂ ੳਦਾਹਰਨਾਂ ਦਿੰਦਿਆਂ ਉਹਨਾਂ ਦੱਸਿਆ ਕਿ ਚੰਦਰਮਾ ‘ਤੇ ਪਹਿਲੇ ਵਿਅਕਤੀ ਨੂੰ ਸੈਰ ਕਰਨ ਦੇ ਮਿਸ਼ਨ ਵਿੱਚ 80% ਤੋਂ ਵੱਧ ਨੌਜਵਾਨ ਸ਼ਾਮਲ ਸਨ ਜਿਨ੍ਹਾਂ ਨੇ ਪੂਰੇ ਮਿਸ਼ਨ ਦੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ। ਇਸੇ ਤਰ੍ਹਾਂ ਭਾਰਤ ਦੇ ਨੌਜਵਾਨਾਂ ਨੇ ਵੀ ਸਾਡੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਜਿਸ ਦੇਸ਼ ਦਾ ਯੁਵਾ ਮਿਹਨਤੀ, ਕਾਰਜਕੁਸ਼ਲ਼ ਅਤੇ ਇਮਾਨਦਾਰ ਹੋਵੇਗਾ ਉਹ ਦੇਸ਼ ਰਹਿਣ ਲਈ ਵਧੀਆ ਜਗ੍ਹਾ ਬਣਾ ਜਾਵੇਗਾ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਆਬਾਦੀ ਦਾ ਸਭ ਤੋਂ ਗਤੀਸ਼ੀਲ ਅਤੇ ਮਹੱਤਵਪੂਰਨ ਹਿੱਸਾ ਹੁੰਦੇ ਹਨ। ਅੰਕੜੇ ਦਰਸਾਉਂਦੇ ਹਨ ਕਿ ਵਿਕਾਸਸ਼ੀਲ ਦੇਸ਼, ਜਿਨ੍ਹਾਂ ਦੀ ਅਬਾਦੀ ਵਿੱਚ ਨੌਜਵਾਨਾਂ ਦੀ ਗਿਣਤੀ ਵੱਧ ਹੁੰਦੀ ਹੈ ਉਹ ਦੇਸ਼ ਹਰ ਖੇਤਰ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਦਾ ਹੈ, ਬਸ਼ਰਤੇ ਉਹ ਦੇਸ਼ ਨੌਜਵਾਨਾਂ ਦੀ ਸਿੱਖਿਆ, ਸਿਹਤ ਵਿੱਚ ਨਿਵੇਸ਼ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਗਾਰੰਟੀ ਦਿੰਦਾ ਹੋਵੇ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੱਜ ਦੇ ਨੌਜਵਾਨ ਕੱਲ੍ਹ ਦੇ ਨੇਤਾ, ਸਿਰਜਣਹਾਰ ਅਤੇ ਨਿਰਮਾਤਾ ਹਨ। ਇਸ ਮੌਕੇ ਸਮੂਹ ਬਿਵਦਿਆਰਥੀ ਤੇ ਸਟਾਫ ਮੋਜੂਦ ਸਨ।