ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ‘ਅਜ਼ਾਦੀ ਦੇ ਅਮ੍ਰਿਤ ਮਹੋਤਸਵ’ ਤਹਿਤ ਕਰਵਾਈ ‘ਰਨ ਫਾਰ ਤਿਰੰਗਾ’ ਦੌੜ

ਇਹ ਮਹੋਤਸਵ ਭਾਰਤ ਨੂੰ ਵਿਕਾਸਵਾਦੀ ਸਫ਼ਰ ਵਿੱਚ ਅੱਗੇ ਲਿਆਉਣ ਵਾਲੇ ਲੋਕਾਂ ਨੂੰ ਸਮਰਪਿਤ : ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੂਰੇ ਭਾਰ ਵਿੱਚ ਮਨਾਏ ਜਾ ਰਹੇ 75ਵੇਂ ਆਜ਼ਾਦੀ ਦੇ ਸਾਲ ਦੋਰਾਨ ਅਜ਼ਾਦੀ ਦੇ ‘ਅਮ੍ਰਿਤ ਮਹੋਤਸਵ’ ਤਹਿਤ ‘ਰਨ ਫਾਰ ਤਿਰੰਗਾ’ ਦੌੜ ਕਰਵਾਈ ਗਈ। ਇਸ ਦੌੌੜ ਦਾ ਆਯੋਜਨ ਸਕੂਲ ਦੀ ਗਰਾਉਂਡ ਵਿੱਚ ਕੀਤਾ ਗਿਆ ਜਿਸ ਵਿੱਚ 5ਵੀਂ ਕਲਾਸ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਹਰ ਵਿਦਿਆਰਥੀ ਦੇ ਹੱਥਾਂ ਵਿੱਚ ਤਿਰੰਗਾ ਸੀ। ਸਾਰਾ ਮਹੌਲ ਤਿਰੰਗੇ ਦੇ ਰੰਗ ਵਿੱਚ ਰੰਗਿਆ ਇੱਕ ਬਹੁਤ ਹੀ ਸ਼ਾਨਦਾਰ ਨਜ਼ਾਰਾ ਪੇਸ਼ ਕਰ ਰਿਹਾ ਸੀ। ਵਿਦਿਆਰਥੀਆਂ ਨੇ ਲੜੀਵਾਰ ਖੜ੍ਹੇ ਹੋ ਕੇ ‘ਆਈ ਲ਼ਵ ਮਾਈ ਇੰਡੀਆ’ ਸਲੋਗਨ ਵੀ ਬਣਾਇਆ। ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੁਆਰਾ “ਰਨ ਫਾਰ ਤਿਰੰਗਾ” ਦੌੜ ਦੀ ਸ਼ੁਰੂਆਤ ਕੀਤੀ ਜਿਸ ਵਿੱਚ 500 ਤੋਂ ਵੱਧ ਵਿਦਿਆਰਥੀ ਦੌੜ ਵਿੱਚ ਸ਼ਾਮਿਲ ਹੋਏ। ਦੌੜ ਤੋਂ ਬਾਅਦ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੀ ਆਜ਼ਾਦੀ ਦੇ 75 ਸਾਲਾਂ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਇੱਕ ਪਹਿਲ ਹੈ। ਇਹ ਮਹਾਉਤਸਵ ਭਾਰਤ ਦੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਭਾਰਤ ਨੂੰ ਇਸ ਦੇ ਵਿਕਾਸਵਾਦੀ ਸਫ਼ਰ ਵਿੱਚ ਅੱਗੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਭਾਰਤ 2.0’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਸਮਰੱਥ ਬਣਾਉਣ ਦੀ ਭਾਵਨਾ ਨੂੰ ਬਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਹਰ ਘਰ ਤਿਰੰਗਾ’ ਤਹਿਤ ਵੀ ਹਰ ਵਿਦਿਆਰਥੀ ਨੁੰ ਆਪਣੇ ਘਰ ਵਿੱਚ ਤਿਰੰਗਾ ਲਗਾਉਣ ਦੀ ਅਪੀਲ ਕੀਤੀ। ਉਹਨਾਂ ਅੱਗੇ ਦੱਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਧਿਕਾਰਤ ਯਾਤਰਾ 12 ਮਾਰਚ 2021 ਨੂੰ ਸ਼ੁਰੂ ਹੋਈ ਸੀ ਜਿਸ ਨੇ ਸਾਡੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ 75 ਹਫ਼ਤਿਆਂ ਦੀ ਕਾਊਂਟਡਾਊਨ ਸ਼ੁਰੂ ਕੀਤੀ ਸੀ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਗਰੇਜ਼ੀ ਹਕੂਮਤ ਦੀ 200 ਸਾਲ ਲੰਬੀ ਗੁਲਾਮੀ ਤੋਂ ਬਾਅਦ 15 ਅਗਸਤ 1947 ਵਿੱਚ ਭਾਰਤ ਨੂੰ ਅਜ਼ਾਦੀ ਮਿਲੀ ਸੀ। ਇਸ ਸਾਲ ਭਾਰਤ ਨੂੰ ਅਜ਼ਾਦ ਹੋਇਆਂ 75 ਸਾਲ ਹੋ ਚੁੱਕੇ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਅਜ਼ਾਦੀ ਲਈ ਭਾਰਤਵਾਸੀਆਂ ਨੇ ਬਹੁਤ ਵੱਡਾ ਮੁੱਲ ਚੁਕਾਇਆ ਹੈ। ਇਸ ਲਈ ਸਾਡੀ ਸਾਰਿਆਂ ਦੀ ਇਹ ਜਿੰਮੇਦਾਰੀ ਬਣਦੀ ਹੈ ਕਿ ਅਸੀਂ ਇਸ ਅਜ਼ਾਦੀ ਦੀ ਕਦਰ ਕਰੀਏ ਤੇ ਖਾਸ ਤੌਰ ਤੇ ਇਸ ਤਿਰੰਗੇ ਝੰਡੇ ਦੀ ਅਤੇ ਇਸ ਨੂੰ ਸਹੇਜ ਕੇ ਰੱਖਣ ਦੀ ਹਰ ਕੋਸ਼ਿਸ਼ ਕਰੀਏ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਦੱਸਿਆ ਕਿ ਅਜ਼ਾਦੀ ਦੇ 75 ਵਰਿ੍ਹਆਂ ਦੌਰਾਨ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ। ਨਿਆ-ਪ੍ਰਣਾਲੀ, ਸਿੱਖਿਆ, ਵਿਗਿਆਨ, ਉਦਯੋਗ, ਖੇਤੀਬਾੜੀ, ਸੂਚਨਾ ਅਤੇ ਪ੍ਰਸਾਰਨ ਤਕਨੀਕ, ਇਨਫਰਮੇਸ਼ਨ ਟੈਕਨੋਲਜੀ, ਸਿਹਤ, ਖੇਡਾਂ, ਡਿਫੈਂਸ, ਆਦਿ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਮੱਲਾਂ ਮਾਰੀਆਂ ਹਨ। ਪਰ ਫਿਰ ਵੀ ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਗਿਣਤੀ ਵਿੱਚ ਆਉਂਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਸ਼ਪਥ ਲੈਣ ਲਈ ਕਿਹਾ ਕਿ ਹਰ ਇੱਕ ਵਿਦਿਆਰਥੀ ਭਾਰਤ ਦੀ ਤਰੱਕੀ ਅਤੇ ਇਸ ਦੀ ਤਰੱਕੀ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਤਿਆਰ ਰਹੇਗਾ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।