ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਅਨਾਥ ਦਿਵਸ ਬਾਰੇ ਜਾਣਕਾਰੀ ਦਿੱਤੀ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਗੇ ਵੱਧਦਾ ਜਾ ਰਿਹਾ ਹੈ। ਅੱਜ ਸਵੇਰ ਦੀ ਸਭਾ ਦੌਰਾਨ ਸਕੂਲ ਵਿੱਚ ਵਿਸ਼ਵ ਅਨਾਥ ਦਿਵਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਵਿਦਿਆਰਥੀਆਂ ਦੁਆਰਾ ਇਸ ਦਿਵਸ ਨਾਲ ਸੰਬੰਧਤ ਚਾਰਟ, ਆਰਟੀਕਲ ਪੇਸ਼ ਕੀਤੇ ਗਏ। ਜਿਸ ਦੌਰਾਨ ਉਹਨਾਂ ਦੱਸਿਆ ਕਿ ਇਹ ਦਿਨ ਹਰ ਸਾਲ 8 ਨਵੰਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਕਾਰਨ ਵਿਸ਼ਵ ਭਰ ਵਿੱਚ ਅਨਾਥ ਬੱਚਿਆਂ ਦੀ ਮੌਜੂਦਾ ਸਥਿਤੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਲੋਕਾਂ ਨੂੰ ਅਨਾਥਾਂ ਦੀ ਦੇਖਭਾਲ, ਸਤਿਕਾਰ ਅਤੇ ਸੁਰੱਖਿਆ ਦੀ ਭਾਵਨਾ ਦੇ ਕੇ ਉਹਨਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਜਿਸ ਦੇ ਉਹ ਹੱਕਦਾਰ ਹਨ। ਇਸ ਦਿਨ ਦੁਨੀਆ ਭਰ ਦੇ ਲੋਕ ਅਨਾਥ ਬੱਚਿਆਂ ਲਈ ਮਿਆਰੀ ਸਿਹਤ ਦੇਖਭਾਲ ਅਤੇ ਸਿੱਖਿਆ ਤੱਕ ਪਹੁੰਚ ਵਿੱਚ ਮਦਦ ਕਰਨ ਲਈ ਫੰਡ ਇਕੱਠੇ ਕਰਦੇ ਹਨ। ਇਹ ਦਿਨ ਸਭ ਤੋਂ ਪਹਿਲਾਂ 2006 ਵਿੱਚ, ਸਟਾਰਜ਼ ਫਾਊਂਡੇਸ਼ਨ ਜੋ ਇੱਕ ਮਨੋਰੰਜਨ ਸੰਸਥਾ ਹੈ ਤੇ ਗਰੀਬੀ, ਯੁੱਧ, ਏਡਜ਼ ਅਤੇ ਕੁਦਰਤੀ ਆਫ਼ਤਾਂ ਕਾਰਨ ਅਨਾਥ ਜਾਂ ਵਿਸਥਾਪਿਤ ਬੱਚਿਆਂ ਬਾਰੇ ਫੰਡ ਇਕੱਠਾ ਕਰਦੀ ਹੈ, ਨੇ ਪਹਿਲਾ ਵਿਸ਼ਵ ਅਨਾਥ ਦਿਵਸ ਮਨਾਇਆ। ਇਸ ਮੌਕੇ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਸੰਬੋਧਨ ਕਰਦਿਆ ਕਿਹਾ ਕਿ ਦੁਨੀਆ ਵਿੱਚ ਲੱਖਾਂ ਹੀ ਛੋਟੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਹਨਾਂ ਵਿੱਚੋਂ ਇੱਕ ਜਾਂ ਦੋਵੇਂ ਮਾਪੇ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਸਰਕਾਰ ਦੇ ਨਾਲ-ਨਾਲ ਸਮਾਜ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਉਹਨਾਂ ਦੀ ਸਿੱਖਿਆ, ਸਿਹਤ, ਰਹਿਣ-ਸਹਿਣ, ਭੋਜਨ ਅਤੇ ਸਮਾਜਿਕ ਭਲਾਈ ਦਾ ਪ੍ਰਬੰਧ ਕਰੇ। ਉਹਨਾਂ ਅੱਗੇ ਦੱਸਿਆ ਕਿ ਦੁਨੀਆ ਦਾ ਪਹਿਲਾ ਅਨਾਥ ਆਸ਼ਰਮ ਰੋਮੀਆਂ ਦੁਆਰਾ 400 ਈਸਵੀ ਵਿੱਚ ਸਥਾਪਿਤ ਕੀਤਾ ਗਿਆ ਸੀ। ਇੱਕ ਅਨਾਥ ਆਸ਼ਰਮ ਖੋਲਣ ਦਾ ਮੁੱਖ ਕਾਰਨ ਉਹਨਾਂ ਬੱਚਿਆਂ ਨੂੰ ਭੋਜਨ, ਆਸਰਾ ਅਤੇ ਹੋਰ ਸਿਹਤ ਦੇਖਭਾਲ ਦੀਆਂ ਜ਼ਰੂਰਤਾਂ ਪ੍ਰਦਾਨ ਕਰਨਾ ਸੀ ਜਿਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਗਵਾ ਦਿੱਤਾ ਸੀ ਅਤੇ ਉਹਨਾਂ ਦੀ ਦੇਖਭਾਲ ਲਈ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈ। ਅਨਾਥ ਬੱਚਿਆਂ ਦੀ ਦੇਖਭਾਲ ਕਰਨ ਦਾ ਵਿਚਾਰ ਨਵਾਂ ਨਹੀਂ ਹੈ। ਯੂਨਾਨੀ ਕਾਨੂੰਨੀ ਪ੍ਰਣਾਲੀ ਨੇ ਅਨਾਥਾਂ ਨੂੰ 18 ਸਾਲ ਦੇ ਹੋਣ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਲਾਜ਼ਮੀ ਬਣਾ ਦਿੱਤਾ। ਮੱਧ ਯੁੱਗ ਵਿੱਚ ਚਰਚਾਂ ਨੇ ਬੱਚਿਆਂ ਲਈ ਆਸਰਾ ਅਤੇ ਅਨਾਥ ਆਸ਼ਰਮ ਵੀ ਸਥਾਪਿਤ ਕੀਤੇ। ਉਹਨਾਂ ਅੰਤ ਵਿੱਚ ਕਿਹਾ ਕਿ ਅਨਾਥ ਬੱਚਿਆਂ ਦੀ ਦੇਖਭਾਲ ਲਈ ਸਮਾਜਿਕ ਤੌਰ ਤੇ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਉਹਨਾਂ ਆਪਣਾ ਬਣਦਾ ਯੋਗਦਾਨ ਜਰੂਰ ਇਸ ਕੰ ਵਿੱਚ ਪਾਉਣ ਤਾਂ ਜੋ ਅਨਾਥ ਬੱਚਿਆਂ ਦੀ ਪੂਰੀ ਤਰਾਂ ਦੇਖਭਾਲ ਹੋ ਸਕੇ ਤੇ ਉਹ ਵੀ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕਣ ਤੇ ਮੁਢਲੀ ਪੜਾਈ ਹਾਸਿਲ ਕਰਕੇ ਵੰਗੇ ਨਾਗਰਿਕ ਬਣ ਸਕਣ। ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਮੌਜੂਦ ਸਨ।