ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ 9 ਜੂਨ ਨੂੰ ਲੱਗਣ ਵਾਲੇ ਫ੍ਰੀ ਕੈਂਸਰ ਜਾਂਚ ਅਤੇ ਜਾਗਰੁਕਤਾ ਕੈਂਪ ਦਾ ਪੋਸਟਰ ਰਿਲੀਜ਼

ਵਰਲਡ ਕੈਂਸਰ ਕੇਅਰ ਸੁਸਾਇਟੀ ਜੋ ਕਿ ਪੂਰੀ ਦੁਨੀਆ ਵਿੱਚ ਕੈਂਸਰ ਪ੍ਰਤੀ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜਾਗਰੁਕ ਕਰਦੀ ਆ ਰਹੀ ਹੈ ਅਤੇ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਮਦਦ ਕਰਦੀ ਆ ਰਹੀ ਹੈ, ਵੱਲੋਂ 9 ਜੂਨ 2022 ਨੂੰ ਬਲੁਮਿੰਗ ਬਡਜ਼ ਸਕੂਲ ਵਿਖੇ ਇਲਾਕਾ ਨਿਵਾਸੀਆਂ ਲਈ ਫ੍ਰੀ ਕੈਂਸਰ ਜਾਂਚ ਅਤੇ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦਾ ਪੋਸਟਰ ਮਾਣਯੋਗ ਡਿਪਟੀ ਕਮੀਸ਼ਨਰ ਸਰਦਾਰ ਕੁਲਵੰਤ ਸਿੰਘ (ਆਈ.ਏ.ਐੱਸ), ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ, ਜ਼ਿਲਾ ਮੋਗਾ ਐੱਸ.ਡੀ.ਐੱਮ ਸਤਵੰਤ ਸਿੰਘ, ਮਾਲਵਾ ਜ਼ੋਨ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਤੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਜ਼ਿਲਾ ਮੋਗਾ ਸਿਵਲ ਸਰਜਨ ਹਤਿੰਦਰ ਕੌਰ ਤੇ ਡਾ. ਰਜੇਸ਼ ਅੱਤਰੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਦੋਰਾਨ ਜਾਣਕਾਰੀ ਦਿੰਦੇ ਹੋਏ ਵਰਲਡ ਕੈਂਸਰ ਕੇਅਰ ਦੇ ਮਾਲਵਾ ਜ਼ੋਨ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਤੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਇਹ ਕੈਂਪ ਅਮੈਰਿਕਨ ਓਨਕੋਲੋਜੀ ਇੰਸਟੀਚਿਊਟ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਜੋ ਕਿ 9 ਜੂਨ 2022 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗੇਗਾ। ਇਸ ਕੈਂਪ ਵਿੱਚ ਇਲਾਕਾ ਨਿਵਾਸੀਆਂ ਨੂੰ ਫ੍ਰੀ ਕੈਂਸਰ ਜਾਂਚ ਕਰਵਾਉਣ ਦਾ ਲਾਭ ਮਿਲੇਗਾ। ਜਿਸ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ ਕੀਤੇ ਜਾਣਗੇ। ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਟੈਸਟ (ਪੈਪ ਸਮੀਅਰ), ਮਰਦਾਂ ਦੇ ਗਦੂਦਾਂ ਦੇ ਕੈਂਸਰ ਦੀ ਜਾਂਚ ਲਈ ਪੀ.ਐੱਸ.ਏ ਟੈਸਟ ਕੀਤੇ ਜਾਣਗੇ। ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ, ਹੱਡੀਆਂ ਦੇ ਟੈਸਟ, ਈ.ਸੀ.ਜੀ, ਸ਼ੂਗਰ ਤੇ ਬਲੱਡ ਪ੍ਰੈਸ਼ਰ ਟੈਸਟ ਕੀਤੇ ਜਾਣਗੇ ਅਤੇ ਬਿਮਾਰੀ ਨਾਲ ਸੰਬੰਧਤ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਸਹੀ ਸਲਾਹ ਮਾਹਰ ਡਾਕਟਰਾਂ ਵੱਲੋਂ ਦਿੱਤੀ ਜਾਵੇਗੀ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਭ ਲੈਣ ਅਤੇ ਕੈਂਸਰ ਵਰਗੀ ਇਸ ਨਾ-ਮੁਰਾਦ ਬਿਮਾਰੀ ਪ੍ਰਤੀ ਜਾਗਰੁਕ ਹੋਣ। ਜ਼ਰੂਰੀ ਨਹੀਂ ਕਿ ਸਿਰਫ ਬਿਮਾਰ ਇਨਸਾਨ ਹੀ ਕੈਂਸਰ ਦੀ ਜਾਂਚ ਕਰਾਵੇ। ਕਿਉਂਕਿ ਕੈਂਸਰ ਦਾ ਪਤਾ ਕਈ ਵਾਰ ਬਹੁਤ ਦੇਰ ਬਾਅਦ ਲੱਗਦਾ ਹੈ। ਅਗਰ ਪਹਿਲੀ ਸਟੇਜ ਤੇ ਹੀ ਪਤਾ ਲੱਗ ਜਾਵੇ ਤਾਂ ਉਸਦਾ ਸਹੀ ਇਲਾਜ ਕੀਤਾ ਜਾ ਸਕਦਾ ਹੈ ਤੇ ਕੀਮਤੀ ਜਾਣ ਬਚਾਈ ਜਾ ਸਕਦੀ ਹੈ।