ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ‘ਰੀਨਿਊਏਬਲ ਐਨਰਜੀ’ ਵਿਸ਼ੇ ‘ਤੇ ਵਿਸ਼ੇਸ਼ ਸਭਾ ਦਾ ਆਯੋਜਨ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ, ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਨੁਸਾਰ ‘ਰੀਨਿਊਏਬਲ ਐਨਰਜੀ’ (ਨਵਿਆਉਣਯੋਗ ਊਰਜਾ) ਵਿਸ਼ੇ ਤੇ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸਭਾ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਊਰਜਾ ਦੀ ਸੰਭਾਲ, ਵਾਤਾਵਰਨ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ਤੇ ਖੂਬਸੂਰਤ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ। ਸਭਾ ਦੌਰਾਨ ਵਿਦਿਆਰਥੀਆਂ ਨੇ ਨਵਿਆਉਣਯੋਗ ਊਰਜਾ ਦੇ ਵੱਖ-ਵੱਖ ਸਰੋਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਕੋਇਲਾ, ਪੈਟਰੋਲ ਅਤੇ ਡੀਜ਼ਲ ਵਰਗੇ ਜੈਵਿਕ ਬਾਲਣ ਸੀਮਤ ਮਾਤਰਾ ਵਿੱਚ ਹਨ ਅਤੇ ਇਨ੍ਹਾਂ ਦੇ ਸਾੜਨ ਨਾਲ ਹਵਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਿੱਚ ਵਾਧਾ ਹੁੰਦਾ ਹੈ। ਇਸ ਦੇ ਉਲਟ, ਸੂਰਜੀ ਊਰਜਾ, ਪੌਣ ਊਰਜਾ, ਪਣ-ਬਿਜਲੀ, ਜੈਵਿਕ ਗੈਸ (ਬਾਇਓਗੈਸ) ਅਤੇ ਭੂ-ਤਾਪੀ ਊਰਜਾ ਅਜਿਹੇ ਸਰੋਤ ਹਨ ਜੋ ਕੁਦਰਤ ਵਿੱਚੋਂ ਲਗਾਤਾਰ ਮਿਲਦੇ ਰਹਿੰਦੇ ਹਨ ਅਤੇ ਵਾਤਾਵਰਨ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦੇ। ਸੂਰਜੀ ਊਰਜਾ ਦੀਆਂ ਸੰਭਾਵਨਾਵਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਇੱਕ ਗਰਮ ਦੇਸ਼ ਹੈ ਜਿੱਥੇ ਸਾਲ ਦੇ ਜ਼ਿਆਦਾਤਰ ਦਿਨ ਧੁੱਪ ਉਪਲਬਧ ਰਹਿੰਦੀ ਹੈ। ਇਸ ਲਈ ਘਰਾਂ, ਸਕੂਲਾਂ, ਖੇਤਾਂ ਅਤੇ ਦਫ਼ਤਰਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾ ਕੇ ਬਿਜਲੀ ਦੇ ਖ਼ਰਚੇ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਸੋਲਰ ਪੰਪਾਂ ਦੀ ਵਰਤੋਂ ਕਿਸਾਨਾਂ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ। ਵਿਦਿਆਰਥੀਆਂ ਨੇ ਪੌਣ ਚੱਕੀਆਂ ਅਤੇ ਬਾਇਓਗੈਸ ਪਲਾਂਟਾਂ ਦੇ ਕੰਮ ਕਰਨ ਦੇ ਢੰਗ ਬਾਰੇ ਵੀ ਸਰਲ ਭਾਸ਼ਾ ਵਿੱਚ ਦੱਸਿਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸੀ.ਬੀ.ਐਸ.ਈ. ਵੱਲੋਂ ਸਕੂਲਾਂ ਨੂੰ ਸਮੇਂ-ਸਮੇਂ ‘ਤੇ ਵਾਤਾਵਰਨ ਸਿੱਖਿਆ, ਊਰਜਾ ਸੰਭਾਲ ਅਤੇ ਟਿਕਾਊ ਜੀਵਨ-ਸ਼ੈਲੀ ਨਾਲ ਜੁੜੀਆਂ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਇਹ ਸਭਾ ਆਯੋਜਿਤ ਕੀਤੀ ਗਈ ਹੈ, ਤਾਂ ਜੋ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਪ੍ਰਤੀ ਵੀ ਸੰਵੇਦਨਸ਼ੀਲ ਬਣ ਸਕਣ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਵੀ ਵਿਦਿਆਰਥੀਆਂ ਨੂੰ ਅਨੁਭਵੀ ਸਿੱਖਿਆ ਰਾਹੀਂ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਚੇਅਰਪਰਸ ਮੈਡਮ ਕਮਡੳਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦੇ ਬੱਚੇ ਹੀ ਕੱਲ੍ਹ ਦਾ ਭਵਿੱਖ ਹਨ ਅਤੇ ਧਰਤੀ ਦੇ ਸੀਮਤ ਸਾਧਨਾਂ ਨੂੰ ਬਚਾਉਣਾ ਉਨ੍ਹਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਕੁਝ ਸਧਾਰਨ ਪਰ ਪ੍ਰਭਾਵਸ਼ਾਲੀ ਆਦਤਾਂ ਅਪਣਾਉਣ ਦੀ ਅਪੀਲ ਕੀਤੀ, ਜਿਵੇਂ ਕਿ ਕਮਰੇ ਵਿੱਚੋਂ ਬਾਹਰ ਜਾਣ ਵੇਲੇ ਬੱਤੀਆਂ ਅਤੇ ਪੱਖੇ ਬੰਦ ਕਰਨਾ, ਐਲ.ਈ.ਡੀ. ਬਲਬਾਂ ਦੀ ਵਰਤੋਂ ਕਰਨਾ, ਬਿਜਲੀ ਦੇ ਉਪਕਰਨ ਵਰਤੋਂ ਤੋਂ ਬਾਅਦ ਸਵਿੱਚ ਤੋਂ ਬੰਦ ਕਰਨਾ ਅਤੇ ਛੋਟੀ ਦੂਰੀ ਲਈ ਸਾਈਕਲ ਜਾਂ ਪੈਦਲ ਚੱਲਣ ਨੂੰ ਤਰਜੀਹ ਦੇਣਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚੇ ਆਪਣੇ ਘਰਾਂ ਅਤੇ ਆਂਢ-ਗੁਆਂਢ ਵਿੱਚ ਵੀ ਮਾਪਿਆਂ ਅਤੇ ਹੋਰ ਲੋਕਾਂ ਨੂੰ ਨਵਿਆਉਣਯੋਗ ਊਰਜਾ ਦੀ ਮਹੱਤਤਾ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜਦੋਂ ਹਰ ਵਿਅਕਤੀ ਆਪਣੇ ਪੱਧਰ ‘ਤੇ ਯੋਗਦਾਨ ਪਾਵੇਗਾ, ਤਾਂ ਹੀ ਇੱਕ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਸਿਰਜਿਆ ਜਾ ਸਕੇਗਾ।