ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਗਿਆ ਵਿਸ਼ਵ ਸ਼ਤਰੰਜ ਦਿਵਸ
ਵਿਦਿਆਰਥੀਆਂ ਦੇ ਆਪਸ ਵਿੱਚ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ - ਪ੍ਰਿੰਸੀਪਲ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਟ ਵਿਸ਼ਵ ਸ਼ਤਰੰਜ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਲਈ ਸ਼ਤਰੰਜ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਬੁੱਧੀਮਤਾ, ਇਕਾਗਰਤਾ ਅਤੇ ਰਣਨੀਤਿਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਵਿਸ਼ਵ ਸ਼ਤਰੰਜ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰ ਸਾਲ 20 ਜੁਲਾਈ ਨੂੰ ਇਹ ਦਿਵਸ ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ ਦੀ ਸਾਲ 1924 ਵਿੱਚ ਹੋਈ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 2019 ਵਿੱਚ ਇਸ ਦਿਵਸ ਨੂੰ ਅਧਿਕਾਰਤ ਮਾਨਤਾ ਦਿੱਤੀ ਗਈ। ਜਿਸ ਦਾ ਉਦੇਸ਼ ਵਿਸ਼ਵ ਭਰ ਵਿੱਚ ਸ਼ਤਰੰਜ ਨੂੰ ਸਿੱਖਿਆ, ਖੇਡ ਅਤੇ ਬੌਧਿਕ ਵਿਕਾਸ ਦੇ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਤਰੰਜ ਸਿਰਫ਼ ਇੱਕ ਖੇਡ ਨਹੀਂ, ਸਗੋਂ ਜੀਵਨ ਵਿੱਚ ਸਹੀ ਫ਼ੈਸਲੇ ਲੈਣ ਦੀ ਕਲਾ ਸਿਖਾਉਣ ਵਾਲਾ ਮਾਧਿਅਮ ਹੈ। ਇਹ ਖੇਡ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ, ਧੀਰਜ, ਅਨੁਸ਼ਾਸਨ, ਸਮੱਸਿਆਵਾਂ ਦਾ ਹੱਲ ਲੱਭਣ ਦੀ ਯੋਗਤਾ, ਯਾਦਦਾਸ਼ਤ, ਇਕਾਗਰਤਾ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਕਰਦੀ ਹੈ। ਸ਼ਤਰੰਜ ਵਿਦਿਆਰਥੀਆਂ ਨੂੰ ਹਰ ਕਦਮ ਸੋਚ-ਸਮਝ ਕੇ ਚੁੱਕਣ ਅਤੇ ਭਵਿੱਖ ਦੀ ਯੋਜਨਾ ਬਣਾਉਣ ਦੀ ਪ੍ਰੇਰਣਾ ਦਿੰਦੀ ਹੈ, ਜੋ ਉਨ੍ਹਾਂ ਦੇ ਅਕਾਦਮਿਕ ਅਤੇ ਨਿੱਜੀ ਜੀਵਨ ਵਿੱਚ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਇਸ ਉਪਰੰਤ ਸਕੂਲ ਕੈਂਪਸ ਵਿੱਚ ਵੱਖ-ਵੱਖ ਉਮਰ ਵਰਗਾਂ ਅਨੁਸਾਰ ਸ਼ਤਰੰਜ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਖੇਡ ਭਾਵਨਾ, ਧੀਰਜ ਅਤੇ ਰਣਨੀਤਿਕ ਸੋਚ ਦੀ ਮਿਸਾਲ ਪੇਸ਼ ਕੀਤੀ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਅਜਿਹੀਆਂ ਬੌਧਿਕ ਅਤੇ ਸਿਰਜਣਾਤਮਕ ਗਤੀਵਿਧੀਆਂ ਰਾਹੀਂ ਉਨ੍ਹਾਂ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨ ਕਰਦਾ ਰਹਿੰਦਾ ਹੈ।