ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਰਾਸ਼ਟਰੀ ਪੰਚਾਇਤ ਰਾਜ ਦਿਵਸ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਵਿਦਿਆਰਥੀਆਂ ਨੇ ਇਸ ਦਿਨ ਨਾਲ ਸਬੰਧਤ ਚਾਰਟ ਪੇਸ਼ ਕੀਤੇ ਅਤੇ ਇਸ ਦਿਨ ਬਾਰੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ। ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਹਰ ਸਾਲ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ 73ਵੇਂ ਸੰਵਿਧਾਨ ਸੰਸ਼ੋਧਨ ਤਹਿਤ 1992 ਹੈ ਜੋ ਅਪ੍ਰੈਲ 1993 ਤੋਂ ਲਾਗੂ ਹੋਇਆ ਸੀ ਹਾਲਾਂਕਿ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਪੰਚਾਇਤੀ ਰਾਜ ਚਲਿਆ ਆ ਰਿਹਾ ਸੀ। 24 ਅਪ੍ਰੈਲ 1993 ਨੂੰ ਗ੍ਰਾਮ, ਮੱਧਵਰਤੀ ਤੇ ਜਿਲਾ੍ਹ ਪੱਧਰੀ ਪੰਚਾਇਤਾਂ ਹੌਂਦ ਵਿੱਚ ਆਈਆਂ। ਭਾਰਤੀ ਸੰਵਿਧਾਨ ਪੰਚਾਇਤਾਂ ਨੂੰ ਸਵੈ-ਸ਼ਾਸਨ ਦੇ ਸੰਸਥਾਨਾਂ ਵਜੋਂ ਮਾਨਤਾ ਦਿੰਦਾ ਹੈ। ਸਾਡੇ ਦੇਸ਼ ਵਿੱਚ 2.54 ਲੱਖ ਕਰੀਬ ਪੰਚਾਇਤਾਂ ਹਨ ਜਿਨ੍ਹਾਂ ਵਿੱਚ 2.47 ਲੱਖ ਗ੍ਰਾਮ ਪੰਚਾਇਤਾਂ 6283 ਬਲਾਕ ਪੰਚਾਇਤਾਂ ਅਤੇ 595 ਜਿਲ੍ਹਾ ਪੰਚਾਇਤਾਂ ਹਨ। 30 ਲੱਖ ਦੇ ਕਰੀਬ ਪੰਚਾਇਤ ਨੁਮਾਇੰਦੇ ਹਨ। ਸਕੂਲ਼ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਲੋਕਤੰਤਰ ਪ੍ਰਣਾਲੀ ਵਿੱਚ ਪੰਚਾਇਤ ਸੱਭ ਤੋਂ ਛੋਟੀ ਇਕਾਈ ਹੈ। ਇੱਕ ਪਿੰਡ ਦੇ ਪੱਧਰ ਤੇ ਪੰਚਾਇਤ ਆਪਣੇ ਆਪ ਵਿੱਚ ਇੱਕ ਪੂਰੀ ਸਰਕਾਰ ਦੀ ਜਿੰਮੇਦਾਰੀ ਸੰਭਾਲਦੀ ਹੈ। ਛੋਟੇ ਪੱਧਰ ਦੇ ਕਈ ਪ੍ਰਕਾਰ ਦੇ ਜੈਲਦਾਰੀ ਅਤੇ ਫੌਜਦਾਰੀ ਮਸਲਿਆਂ ਦਾ ਹੱਲ ਪੰਚਾਇਤੀ ਪੱਧਰ ਤੇ ਹੀ ਹੋ ਜਾਂਦਾ ਹੈ।ਇਸ ਤੋਂ ਇਲਾਵਾ ਪਿੰਡ ਦੇ ਵਿਕਾਸ ਦੇ ਵੱਖ-ਵੱਖ ਕੰਮ ਜਿਵੇਂ, ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ, ਗੰਦੇ ਪਾਣੀ ਦੀ ਨਿਕਾਸੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਉਚਤ ਪ੍ਰਬੰਧ ਕਰਨਾ ਵੀ ਪੰਚਾਇਤ ਦੀ ਹੀ ਜ਼ਿੰਮੇਦਾਰੀ ਬਣਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦਿਨ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ ਨੂੰ ਕਈ ਪ੍ਰਕਾਰ ਦੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।
Comments are closed.