Latest News & Updates

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਜਿੱਤੇ ਮੈਡਲ ਅਤੇ ਨਕਦ ਇਨਾਮ

ਖਿਡਾਰੀਆਂ ਨੇ ਜਿੱਤੇ 4 ਗੋਲਡ, 2 ਸਿਲਵਰ, 1 ਬ੍ਰਾਂਜ਼ ਮੈਡਲ ਅਤੇ 2100 ਰੁਪਏ ਨਕਦ ਇਨਾਮ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ 15 ਅਪ੍ਰੈਲ ਨੁੰ ਪੀ.ਏ.ਪੀ ਸ਼ੂਟਿੰਗ ਰੇਂਜ਼, ਜਲੰਧਰ ਵਿਖੇ ਹੋਈ 9ਵੀ ਕਰਨਲਜ਼ ਸ਼ਾਰਪ ਸ਼ੂਟਰਜ਼ ਓਪਨ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਆਪਣੀ ਨਿਸ਼ਾਨੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਗੋਲਡ, ਦੋ ਸਿਲਵਰ, ਇੱਕ ਬ੍ਰੌਂਜ਼ ਅਤੇ 2100 ਰੁਪਏ ਦਾ ਨਕਦ ਇਨਾਮ ਜਿੱਤਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਸੰਗਰੂਰ, ਮਾਨਸਾ ਅਤੇ ਹੋਰ ਜ਼ਿਲਿਆਂ ਦੇ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਵੱਖ ਈਵੇਂਟਸ ਵਿੱਚ ਸ਼ਿਰਕਤ ਕੀਤੀ। ਬਲੂਮਿੰਗ ਬਡਜ਼ ਸਕੂਲ ਦੇ ਹਰਕਰਨਵੀਰ ਸਿੰਘ ਨੇ ਪੀਪ ਸਾਈਟ ਰਾਈਫਲ ਮੁਕਾਬਲੇ ਵਿੱਚ ਓਵਰਆਲ 393 ਦਾ ਸਕੋਰ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੋਲਡ ਮੈਡਲ ਜਿੱਤਿਆ ਅਤੇ ਇਸਦੇ ਨਾਲ ਹੀ 2100 ਰੁਪਏ ਦਾ ਨਕਦ ਇਨਾਮ ਵੀ ਹਾਸਿਲ ਕੀਤਾ। ਹਰਕਰਨਵੀਰ ‘ਚੈਂਪਿਅਨਜ਼ ਆਫ ਚੈਂਪਿਅਨਜ਼’ ਸ਼੍ਰੇਣੀ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਬਾਅਦ ਕੁਦਰਤਪ੍ਰੀਤ ਕੌਰ ਨੇ ਪੀਪ ਸਾਈਟ ਰਾਈਫਲ ਦੇ ਅੰਡਰ-12 ਉਮਰ ਵਰਗ ਦੇ ਮੁਕਾਬਲਿਆ ਵਿੱਚ ਗੋਲਡ ਮੈਡਲ ਤੇ ਨਿਸ਼ਾਨਾ ਲਗਾ ਕੇ ਸਕੂਲ ਦਾ ਮਾਨ ਵਧਾਇਆ। ਮਨਵੀਰ ਸਿੰਘ ਨੇ ਓਪਨ ਸਾਈਟ ਰਾਈਫਲ ਦੇ ਅੰਡਰ-15 ਮੁਕਾਬਲੇ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ, ਅੰਡਰ-17 ਸ਼੍ਰੇਣੀ ਵਿੱਚ ਕਰਨਵੀਰ ਸਿੰਘ ਸਹੋਤਾ ਨੇ ਗੋਲਡ ਮੈਡਲ ਅਤੇ ਜਸਪ੍ਰੀਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ। ਸਾਹਿਬ ਅਰਜੁਨ ਸਿੰਘ ਨੇ ਅੰਡਰ 15 ਸ਼੍ਰੇਣੀ ਵਿੱਚ ਦੂਸਰਾ ਸਥਾਨ ਹਾਸਿਲ ਕਰਦਿਆਂ ਸਿਲਵਰ ਮੈਡਲ ਅਤੇ ਪ੍ਰਿੰਸਦੀਪ ਸਿੰਘ ਨੇ ਏਅਰ ਪਿਸਟਲ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਬ੍ਰੌਂਜ਼ ਮੈਡਲ ਜਿੱਤਿਆ। ਸਕੂਲ ਵਿੱਚ ਸਵੇਰ ਦੀ ਅਸੈਂਬਲੀ ਮੌਕੇ ਪ੍ਰਿੰਸੀਪਲ ਮੈਡਮ ਨੇ ਸਾਰੇ ਵਿਦਿਆਰਥੀਆਂ ਨੂੰ ਸਟੇਜ਼ ਤੇ ਬੁਲਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਇਸ ਉਪਲੱਬਧੀ ਤੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਹਰਜੀਤ ਸਿੰਘ ਨੂੰ ਵਧਾਈ ਦਿੱਤੀ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਵੀ ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਕੋਚ ਹਰਜੀਤ ਸਿੰਘ ਦੀ ਉੱਚ ਪੱਧਰੀ ਸਿਖਲਾਈ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਚੇਅਰਪਰਸਨ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਗਿਆ ਅਸੀਂ ਆਸ ਕਰਦੇ ਹਾਂ ਕਿ ਅਗਲੀ ਵਾਰ ਹੋਰ ਵਿਦਿਆਰਥੀ ਵੀ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਹੋਰ ਵੀ ਉੱਚੀਆਂ ਮੱਲਾਂ ਮਾਰਨਗੇ।

Comments are closed.