Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ ਮੋਗਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਸਕੂਲ ਦੇ ਵਿਦਿਆਰਥੀਆਂ ਵੱਲੋਂ ਬਸੰਤ ਪੰਚਮੀ ਨਾਲ ਸੰਬੰਧਤ ਚਾਰਟ ਬਣਾਏ ਗਏ। ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੇ ਭਜਨ ਗਾਏ ਗਏ ।ਸਕੂਲ ਦੇ ਸਮੂਹ ਸਟਾਫ ਵੱਲੋਂ ਮਾਂ ਸਰਸਵਤੀ ਦੀ ਪੂਜਾ ਅਰਚਨਾ ਕੀਤੀ ਗਈ। ਉਸ ਤੋਂ ਬਾਅਦ ਸਕੂਲ ਦੀ ਗਰਾਊਂਡ ਵਿੱਚ ਵਿਦਿਆਰਥੀਆਂ ਨੇ ਪਤੰਗਬਾਜ਼ੀ ਦਾ ਆਨੰਦ ਮਾਨਿਆ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬਸੰਤ ਦਾ ਸੰਸਕ੍ਰਿਤ ਵਿੱਚ ਸ਼ਾਬਦਿਕ ਅਰਥ ਬਹਾਰ ਦਾ ਹੈ । ਇਸਨੂੰ ਬਸੰਤ ਪੰਚਮੀ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਮਾਘ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ ਜੋ ਆਮ ਤੌਰ ਉੱਤੇ ਫਰਵਰੀ ਦੇ ਮਹੀਨੇ ਵਿੱਚ ਆਉਂਦੀ ਹੈ । ਵੇਦਾਂ ਵਿੱਚ ਲਿਖਿਆ ਹੈ ਕਿ ਸਰਸਵਤੀ ਦੇਵੀ ਦਾ ਦਿਨ ਹੈ । ਇਸ ਦਿਨ ਖੁਸ਼ੀ ਮਨਾਈ ਜਾਂਦੀ ਹੈ ਅਤੇ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ।ਖੁਸ਼ੀ ਦਰਸਾਉਣ ਲਈ ਨਵੇਂ ਕੱਪੜੇ ਪਹਿਨੇ ਜਾਂਦੇ ਹਨ ਅਤੇ ਪਤੰਗ ਉਡਾਏ ਜਾਂਦੇ ਅਤੇ ਸੰਗੀਤ ਦਾ ਆਨੰਦ ਮਾਣਿਆ ਜਾਂਦਾ ਹੈ ।ਪ੍ਰਾਚੀਨ ਭਾਰਤ ਵਿੱਚ ਪੂਰੇ ਸਾਲ ਨੂੰ ਜਿਹਨਾਂ ਛੇ ਰੁੱਤਾਂ ਵਿੱਚ ਵੰਡਿਆ ਜਾਂਦਾ ਸੀ,ਉਹਨਾਂ ਵਿੱਚ ਬਸੰਤ ਲੋਕਾਂ ਦੀ ਸਭ ਤੋਂ ਮਨਚਾਹੀ ਰੁੱਤ ਸੀ । ਜਦੋਂ ਫੁੱਲਾਂ ਉੱਤੇ ਬਹਾਰ ਆ ਜਾਂਦੀ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ, ਜੌਂ ਅਤੇ ਕਣਕਾਂ ਨਿਸਰਣ ਲੱਗਦੀਆਂ , ਅੰਬਾਂ ਨੂੰ ਬੂਰ ਪੈ ਜਾਂਦਾ ਅਤੇ ਹਰ ਪਾਸੇ ਰੰਗ ਬਿਰੰਗੀਆਂ ਤਿਤਲੀਆਂ ਮੰਡਰਾਉਣ ਲੱਗਦੀਆਂ।ਅੰਮ੍ਰਿਤਸਰ ਵਿੱਚ ਪਹਿਲੀ ਵਾਰੀ ਬਸੰਤ ਦਾ ਮੇਲਾ 1599 ਵਿੱਚ ਲੱਗਾ ਸੀ ਜਦ ਸ੍ਰੀ ਗੁਰੁ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ ।ਇਸ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ , ਮਿਠਾਈਆਂ ਖਾਂਦੇ ਹਨ ਅਤੇ ਪੀਲੇ ਫੁੱਲ ਆਪਣੇ ਘਰਾਂ ਵਿੱਚ ਪ੍ਰਦਰਸ਼ਿਤ ਕਰਦੇ ਹਨ । ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਦਾ ਰਾਜਾ ਮੰਨਿਆ ਜਾਂਦਾ ਹੈ , ਉਸ ਦੀ ਤਿਆਰੀ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ । ਇਸ ਦਿਨ ਦਾ ਇਤਿਹਾਸਕ ਮਹੱਤਵ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1825 ਈ ਵਿੱਚ ਦਰਬਾਰ ਸਾਹਿਬ,ਅੰਮ੍ਰਿਤਸਰ ਸਾਹਿਬ ਵਿਖੇ ਇਸ ਦਿਨ 2000 ਰੁਪਏ ਲੰਗਰ ਵਾਸਤੇ ਦਿੱਤੇ ਸੀ । ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਵਿਖੇ ਬਸੰਤ ਦਾ ਮੇਲਾ 10 ਦਿਨ ਚੱਲਦਾ ਸੀ ਅਤੇ ਸਾਰੇ ਸਿਪਾਹੀ ਪੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਅਤੇ ਆਪਣੇ ਜੌਹਰ ਵਿਖਾਉਂਦੇ ਸਨ ।

Comments are closed.