Latest News & Updates

ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿੱਚ ਮਨਾਇਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੈਂਟੀਨਲ ਇੰਟਰਨੈਸ਼ਨਲ ਸਕੂਲ ਜੋ ਕਿ ਬੜੇ ਥੋੜੇ ਸਮੇਂ ਵਿੱਚ ਹੀ ਚੇਅਰਪਰਸਨ ਅਮ੍ਰਿਤਪਾਲ ਕੌਰ ਢਿੱਲੋਂ ਜੀ ਦੀ ਯੋਗ ਸਰਪਰਸਤੀ ਹੇਠ ਆਪਣੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧਦੀ ਜਾ ਰਹੀ ਹੈ। ਅੱਜ ਸਕੂਲ ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਮਨਾਉਣ ਦੇ ਸੰਬੰਧ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਚਾਰਟ ਬਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਾਂਝਾ ਕੀਤਾ ਅਤੇ ਪੰਜਾਬ ਰਾਜ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਧਰਮ, ਖੇਤੀਬਾੜੀ, ਵਿਰਸਾ, ਆਬਾਦੀ, ਡੈਮ ਆਦਿ ਨੂੰ ਵੀ ਸਾਂਝਾ ਕੀਤਾ। ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ ਅਧਿਆਤਮਕ ਗੀਤ ਅਤੇ ਸ਼ਬਦ ਗਾਏ। ਵਿਦਿਆਰਥੀਆਂ ਵੱਲੋਂ ਗੁਰੂ ਜੀ ਦੀ ਜੀਵਨੀ ਨਾਲ ਸੰਬੰਧਤ ਆਰਟੀਕਲ ਪੇਸ਼ ਕੀਤੇ ਗਏ ਜਿਸ ਵਿੱਚ ਉਹਨਾਂ ਦੱਸਿਆ ਕਿ ਸਿੱਖ ਪੰਥ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਨੂੰ ਰਾਏ-ਭਾਈ-ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਮਹਿਤਾ ਕਾਲੂ ਜੀ ਦੇ ਘਰ ਹੋਇਆ। ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਅਧਿਆਤਮਿਕ ਸਨ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਤੋਂ ਦੂਰ ਕੀਤਾ ਅਤੇ ਉਹਨਾਂ ਨੂੰ ਸਹੀ ਰਸਤਾ ਦਿਖਾਇਆ। ਉਹਨਾਂ ਅੱਗੇ ਦੱਸਿਆ ਕਿ ਗੁਰੁ ਜੀ ਨੇ ਕਈ ਉਦਾਸੀਆਂ ਕੀਤੀਆਂ ਤੇ ਜਿੱਥੇ ਵੀ ਉਹਨਾਂ ਨੇ ਡੇਰੇ ਲਾਏ ਉੱਥੋਂ ਦੇ ਲੋਕਾਂ ਨੂੰ ਨਾਮ ਜਪਨ, ਕਿਰਤ ਕਰਨ, ਵੰਢ ਕੇ ਸ਼ਕਣ, ਔਰਤਾਂ ਦਾ ਸਨਮਾਨ ਕਰਨ ਦਾ ਉਪਦੇਸ਼ ਦਿੱਤਾ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਅਮ੍ਰਿਤਪਾਲ ਕੌਰ ਢਿੱਲੋਂ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸਭ ਨੂੰ ਗੁਰੁ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਗਈ ਸਿੱਖਿਆਵਾਂ ਉੱਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਅਤੇ ਸਿੱਖਿਆਵਾਂ ਰਾਹੀ ਮਨੁੱਖੀ ਜੀਵਨ ਨੂੰ ਸਾਰਥਕ ਕਰਨ ਦਾ ਸੱਚਾ ਅਤੇ ਸੁੱਚਾ ਰਸਤਾ ਦੱਸਿਆ। ਉਹਨਾਂ ਬਿਨਾਂ ਵਹਿਮਾਂ- ਭਰਮਾਂ ਵਿੱਚ ਪਏ, ਬਿਨਾ ਝੂਠੇ ਰੀਤੀ ਰਿਵਾਜਾਂ ਨੂੰ ਮੰਨੇ, ਸਿਰਫ ਇੱਕ ਪ੍ਰਮਾਤਮਾ ‘ਇੱਕ ਓਂਕਾਰ’ ਵਿੱਚ ਵਿਸ਼ਵਾਸ ਰੱਖਣ, ਕਿਸੇ ਜੀਵ ਨੂੰ ਦੁੱਖ ਨਾ ਦੇਣ, ਪਰਾਏ ਧਨ ਤੇ ਬੁਰੀ ਨਜ਼ਰ ਨਾ ਰੱਖਣ ਦਾ ਸੰਦੇਸ਼ ਦਿੱਤਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਸ਼ਰਮਾ ਨੇ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਜਰੂਰ ਧਾਰਨ ਕਰਨਾ ਚਾਹਿਦਾ ਹੈ। ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਕੂਲ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਅਕਸਰ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ, ਧਰਮ ਤੇ ਦੇਸ਼ ਵਿੱਚ ਪੈਦਾ ਹੋਏ ਮਹਾਨ ਸ਼ਖਸੀਅਤਾਂ ਦੀ ਜੀਵਨੀ ਤੋਂ ਜਾਣੂ ਕਰਵਾਇਆ ਜਾ ਸਕੇ।

Comments are closed.