Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਹਿੰਦੀ ਦਿਵਸ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਹਿੰਦੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਚਾਰਟ ਅਤੇ ਆਰਟੀਕਲ ਪੇਸ਼ ਕਰਕੇ ਹਿੰਦੀ ਭਾਸ਼ਾ ਦੇ ਇਤਿਹਾਸ, ਮਹੱਤਵ ਅਤੇ ਸਾਹਿਤਕ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਨੇ ਆਪਣੇ ਆਰਟੀਕਲਾਂ ਰਾਹੀਂ ਦੱਸਿਆ ਕਿ ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ 1949 ਵਿੱਚ ਸੰਵਿਧਾਨ ਸਭਾ ਵੱਲੋਂ ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਸੀ। ਵਿਦਿਆਰਥੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 14 ਸਤੰਬਰ ਦਾ ਦਿਨ ਰਾਜੇਂਦਰ ਸਿਮਹਾ ਦੇ ਜਨਮ ਦਿਨ ਨਾਲ ਵੀ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਹਿੰਦੀ ਨੂੰ ਦੇਵਨਾਗਰੀ ਲਿਪੀ ਵਿੱਚ ਅਪਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦਾ ਜਨਮ 14 ਸਤੰਬਰ 1916 ਨੂੰ ਹੋਇਆ ਸੀ। ਇਸ ਮੌਕੇ ਵਿਦਿਆਰਥੀਆਂ ਨੇ ਦੱਸਿਆ ਕਿ ਹਿੰਦੀ ਇੱਕ ਇੰਡੋ-ਆਰੀਅਨ ਭਾਸ਼ਾ ਹੈ, ਜੋ ਮੁੱਖ ਤੌਰ ’ਤੇ ਹਿੰਦੀ ਬੈਲਟ ਖੇਤਰ ਵਿੱਚ ਬੋਲੀ ਜਾਂਦੀ ਹੈ। ਇਸ ਖੇਤਰ ਵਿੱਚ ਉੱਤਰੀ, ਮੱਧ, ਪੂਰਬੀ ਅਤੇ ਪੱਛਮੀ ਭਾਰਤ ਦੇ ਵੱਖ-ਵੱਖ ਹਿੱਸੇ ਸ਼ਾਮਲ ਹਨ। ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ, ਅੰਗਰੇਜ਼ੀ ਦੇ ਨਾਲ ਭਾਰਤ ਸਰਕਾਰ ਦੀਆਂ ਦੋ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ 1881 ਵਿੱਚ ਬਿਹਾਰ ਨੇ ਹਿੰਦੀ ਨੂੰ ਆਪਣੀ ਸਰਕਾਰੀ ਰਾਜ ਭਾਸ਼ਾ ਵਜੋਂ ਅਪਣਾਇਆ ਅਤੇ ਇਹ ਭਾਸ਼ਾ ਨੂੰ ਅਧਿਕਾਰਤ ਤੌਰ ’ਤੇ ਅਪਣਾਉਣ ਵਾਲਾ ਪਹਿਲਾ ਭਾਰਤੀ ਰਾਜ ਬਣਿਆ। ਸਮਾਗਮ ਦੌਰਾਨ ਹਿੰਦੀ ਭਾਸ਼ਾ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਣ ਵਾਲੇ ਰਾਜਭਾਸ਼ਾ ਕੀਰਤੀ ਪੁਰਸਕਾਰ ਅਤੇ ਰਾਜਭਾਸ਼ਾ ਗੌਰਵ ਪੁਰਸਕਾਰ ਬਾਰੇ ਵੀ ਵਿਦਿਆਰਥੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਸਕੂਲ ਦੇ ਸਮੂਹ ਹਿੰਦੀ ਅਧਿਆਪਕਾਂ ਨੇ ਵੀ ਹਿੰਦੀ ਦਿਵਸ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 14 ਸਤੰਬਰ ਨੂੰ ਭਾਰਤ ਵਿੱਚ ਹਿੰਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਹਿੰਦੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਿੰਦੀ ਸਮੇਤ ਹਰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਗਿਆ ਹਿੰਦੀ ਦਿਵਸ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਜਾਣਕਾਰੀ ਭਰਪੂਰ ਰਿਹਾ।