Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਗ੍ਰੈਂਡ ਪੈਰੇਂਟਸ ਡੇ ਮੌਕੇ ਬਜ਼ੁਰਗਾਂ ਦੇ ਸਨਮਾਨ ਦਾ ਸੰਦੇਸ਼

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਨੈਤਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਲਈ ਵੀ ਨਿਰੰਤਰ ਉਪਰਾਲੇ ਕਰ ਰਿਹਾ ਹੈ। ਇਸੇ ਉਦੇਸ਼ ਤਹਿਤ ਸਕੂਲ ਵਿੱਚ ਗ੍ਰੈਂਡ ਪੈਰੇਂਟਸ ਡੇ ਬੜੇ ਹੀ ਪਿਆਰ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਬਾਰੇ ਜਾਣੂ ਕਰਵਾਇਆ ਗਿਆ। ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਵੱਲੋਂ ਬਜ਼ੁਰਗਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਬਹੁਤ ਹੀ ਸੁੰਦਰ ਚਾਰਟ, ਵਿਚਾਰ ਅਤੇ ਆਰਟੀਕਲ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਰਾਹੀਂ ਦੱਸਿਆ ਕਿ ਗ੍ਰੈਂਡ ਪੈਰੇਂਟਸ ਪਰਿਵਾਰ ਦੀ ਉਹ ਅਨਮੋਲ ਧਰੋਹਰ ਹਨ, ਜਿਨ੍ਹਾਂ ਤੋਂ ਬੱਚਿਆਂ ਨੂੰ ਪਿਆਰ, ਸੰਸਕਾਰ, ਤਜਰਬਾ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਸਿੱਖਣ ਨੂੰ ਮਿਲਦੀਆਂ ਹਨ। ਛੋਟੇ ਵਿਦਿਆਰਥੀਆਂ ਨੇ ਬੁਜੁਰਗਾਂ ਦਾ ਰੂਪ ਧਾਰਨ ਕਰਕੇ ਕਵਿਤਾ ਪੇਸ਼ ਕੀਤੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਘਰ ਵਿੱਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਦਾ ਸਾਥ ਹੁੰਦਾ ਹੈ, ਉਹ ਘਰ ਸੱਚਮੁੱਚ ਖੁਸ਼ਕਿਸਮਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਆਪਣੇ ਤਜਰਬੇ ਅਤੇ ਪਿਆਰ ਨਾਲ ਬੱਚਿਆਂ ਦੇ ਜੀਵਨ ਨੂੰ ਸੰਵਾਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਹ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਹਰ ਮੁਸ਼ਕਲ ਸਮੇਂ ਵਿੱਚ ਹੌਸਲਾ ਦਿੰਦੇ ਹਨ। ਇਸ ਲਈ ਬੱਚਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਗ੍ਰੈਂਡ ਪੈਰੇਂਟਸ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਬੁਢਾਪੇ ਵਿੱਚ ਉਨ੍ਹਾਂ ਦਾ ਪੂਰਾ ਸਾਥ ਦੇਣ। ਡਾ. ਹਮੀਲੀਆ ਰਾਣੀ ਜੀ ਨੇ ਕਿਹਾ ਕਿ ਦਾਦਾ-ਦਾਦੀ ਅਤੇ ਪੋਤੇ-ਪੋਤੀਆਂ ਦਾ ਰਿਸ਼ਤਾ ਬਹੁਤ ਹੀ ਵਿਲੱਖਣ ਹੁੰਦਾ ਹੈ। ਬੱਚਿਆਂ ਦੇ ਜੀਵਨ ਵਿੱਚ ਗ੍ਰੈਂਡ ਪੈਰੇਂਟਸ ਅਕਸਰ ਉਨ੍ਹਾਂ ਦੇ ਪਹਿਲੇ ਦੋਸਤ, ਸਲਾਹਕਾਰ ਅਤੇ ਭਰੋਸੇਮੰਦ ਸਾਥੀ ਬਣਦੇ ਹਨ। ਇਸੇ ਤਰ੍ਹਾਂ ਬੱਚੇ ਵੀ ਆਪਣੇ ਬਜ਼ੁਰਗਾਂ ਲਈ ਖੁਸ਼ੀ ਅਤੇ ਜੀਵਨ ਦਾ ਸਹਾਰਾ ਬਣਦੇ ਹਨ। ਇਹ ਰਿਸ਼ਤਾ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਪਰਿਵਾਰਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਨੂੰ ਅੱਗੇ ਲੈ ਕੇ ਜਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗ੍ਰੈਂਡ ਪੈਰੇਂਟਸ ਡੇ ਦੇ ਇਸ ਆਯੋਜਨ ਨੇ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਦਿੱਤਾ ਕਿ ਆਧੁਨਿਕ ਜੀਵਨ ਦੀ ਰੁਝੇਵਿਆਂ ਭਰੀ ਦੌੜ ਦੇ ਬਾਵਜੂਦ ਪਰਿਵਾਰਕ ਰਿਸ਼ਤਿਆਂ, ਸੰਸਕਾਰਾਂ ਅਤੇ ਬਜ਼ੁਰਗਾਂ ਦੇ ਸਨਮਾਨ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ। ਇਹ ਦਿਵਸ ਸਿਰਫ਼ ਇੱਕ ਸਮਾਗਮ ਤੱਕ ਸੀਮਿਤ ਨਾ ਰਹਿ ਕੇ ਵਿਦਿਆਰਥੀਆਂ ਦੇ ਮਨਾਂ ਵਿੱਚ ਆਪਣੇ ਬਜ਼ੁਰਗਾਂ ਪ੍ਰਤੀ ਪਿਆਰ, ਸਤਿਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਇੱਕ ਸਾਰਥਕ ਉਪਰਾਲਾ ਸਾਬਤ ਹੋਇਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਸਕੂਲ ਪ੍ਰਬੰਧਕਾਂ ਵੱਲੋਂ ਅਜਿਹੀਆਂ ਗਤੀਵਿਧੀਆਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਦੱਸਿਆ ਗਿਆ।