ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਗਿਆ ‘ਅੰਤਰਰਾਸ਼ਟਰੀ ਸਾਖਰਤਾ ਦਿਵਸ’
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ‘ਅੰਤਰਰਾਸ਼ਟਰੀ ਸਾਖਰਤਾ ਦਿਵਸ’ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਗਤੀਵਿਧੀਆਂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਸਾਖਰਤਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਸਵੇਰ ਦੀ ਸਭਾ ਦੌਰਾਨ ਮਾਂ ਸਰਸਵਤੀ ਜੀ ਦੀ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ‘ਅੰਤਰਰਾਸ਼ਟਰੀ ਸਾਖਰਤਾ ਦਿਵਸ’ ਨਾਲ ਸਬੰਧਤ ਚਾਰਟ ਅਤੇ ਜਾਣਕਾਰੀ ਭਰਪੂਰ ਲੇਖ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਲੇਖਾਂ ਰਾਹੀਂ ਦੱਸਿਆ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੈਸਕੋ ਵੱਲੋਂ 26 ਅਕਤੂਬਰ 1966 ਨੂੰ ਆਪਣੇ 14ਵੇਂ ਸੈਸ਼ਨ ਦੌਰਾਨ 8 ਸਤੰਬਰ ਨੂੰ ‘ਵਿਸ਼ਵ ਸਾਖਰਤਾ ਦਿਵਸ’ ਵਜੋਂ ਘੋਸ਼ਿਤ ਕੀਤਾ ਗਿਆ ਸੀ ਅਤੇ 8 ਸਤੰਬਰ 1967 ਨੂੰ ਇਹ ਦਿਵਸ ਪਹਿਲੀ ਵਾਰ ਮਨਾਇਆ ਗਿਆ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਅਕਤੀ, ਵਰਗ ਅਤੇ ਸਮਾਜ ਦੇ ਵਿਕਾਸ ਵਿੱਚ ਸਾਖਰਤਾ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਇੱਕ ਤੇਜ਼ੀ ਨਾਲ ਤਰੱਕੀ ਕਰ ਰਿਹਾ ਦੇਸ਼ ਹੈ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਅਤੇ ਸਾਖਰਤਾ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਮਜ਼ਬੂਤ ਆਧਾਰ ਹੈ, ਜੋ ਕਿਸੇ ਵੀ ਸਮਾਜ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਅੱਗੇ ਲੈ ਕੇ ਜਾ ਸਕਦੀ ਹੈ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਸਾਖਰਤਾ ਦੀ ਮਹੱਤਤਾ ਨੂੰ ਸਮਝਣ, ਵਿੱਦਿਆ ਦਾ ਸਤਿਕਾਰ ਕਰਨ ਅਤੇ ਉੱਚ ਪੱਧਰੀ ਸਿੱਖਿਆ ਹਾਸਲ ਕਰਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।