ਬਲੂਮਿੰਗ ਬਡਜ਼ ਸਕੂਲ ਦੇ ਰਾਜ ਪੱਧਰ ਤੇ ਸ਼ੂਟਰਾਂ ਨੇ ਜਿੱਤੇ 4 ਸਿਲਵਰ ਮੈਡਲ
ਕੁਲਰਾਜ ਸਿੰਘ ਨੇ ਓਪਨ ਸਾਈਟ ਸ਼ੂਟਿੰਗ ਵਿੱਚ ਨੈਸ਼ਨਲ ਪੱਧਰ ਲਈ ਕੀਤਾ ਕੁਆਲੀਫਾਈ : ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਲਸਿਲਾ ਜਾਰੀ ਰੱਖਦਿਆਂ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਮਾਣਮੱਤੀ ਪ੍ਰਾਪਤੀ ਦਰਜ ਕੀਤੀ ਹੈ। ਸਕੂਲ ਦੇ ਸ਼ੂਟਰਾਂ ਨੇ 70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪਿਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 4 ਸਿਲਵਰ ਮੈਡਲ ਆਪਣੇ ਨਾਮ ਕੀਤੇ। ਇਸ ਦੇ ਨਾਲ ਹੀ ਸਕੂਲ ਦੇ ਹੋਣਹਾਰ ਸ਼ੂਟਰ ਕੁਲਰਾਜ ਸਿੰਘ ਨੇ ਓਪਨ ਸਾਈਟ ਰਾਈਫਲ ਸ਼ੂਟਿੰਗ ਵਿੱਚ ਵਿਅਕਤੀਗਤ ਸਿਲਵਰ ਮੈਡਲ ਜਿੱਤਣ ਦੇ ਨਾਲ-ਨਾਲ ਨੈਸ਼ਨਲ ਪੱਧਰ ਦੀ ਚੈਂਪਿਅਨਸ਼ਿਪ ਲਈ ਵੀ ਕੁਆਲੀਫਾਈ ਕਰਕੇ ਸਕੂਲ ਅਤੇ ਮੋਗਾ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ 70ਵੀਂ ਪੰਜਾਬ ਰਾਜ ਸ਼ੂਟਿੰਗ ਚੈਂਪਿਅਨਸ਼ਿਪ ਦਾ ਆਯੋਜਨ 15 ਸਤੰਬਰ ਤੋਂ 18 ਸਤੰਬਰ 2026 ਤੱਕ ਸਾਹਿਬਜ਼ਾਦਾ ਅਜੀਤ ਸਿੰਘ ਸ਼ੂਟਿੰਗ ਅਕੈਡਮੀ, ਰੋਪੜ ਵਿਖੇ ਕੀਤਾ ਗਿਆ। ਇਸ ਵੱਕਾਰੀ ਚੈਂਪਿਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲਗਭਗ 365 ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਸ਼ੂਟਿੰਗ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਵੱਲੋਂ ਇਸ ਰਾਜ ਪੱਧਰੀ ਚੈਂਪਿਅਨਸ਼ਿਪ ਵਿੱਚ 8 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਕੁਦਰਤਪ੍ਰੀਤ ਕੌਰ, ਪ੍ਰਭਨਮ ਕੌਰ, ਸਤਵੀਰ ਕੌਰ, ਰਾਜਬੀਰ ਕੌਰ, ਕੁਲਰਾਜ ਸਿੰਘ, ਕਰਨਵੀਰ ਸਿੰਘ ਨਾਹਰ, ਹਰਜਾਪ ਸਿੰਘ ਅਤੇ ਪ੍ਰਿੰਸਦੀਪ ਸਿੰਘ ਸ਼ਾਮਲ ਸਨ। ਸਾਰੇ ਖਿਡਾਰੀਆਂ ਨੇ ਪੂਰੀ ਤਨਦੇਹੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਓਪਨ ਸਾਈਟ ਰਾਈਫਲ ਸ਼ੂਟਿੰਗ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ। ਇਸ ਟੀਮ ਵਿੱਚ ਕੁਲਰਾਜ ਸਿੰਘ, ਕਰਨਵੀਰ ਸਿੰਘ ਨਾਹਰ ਅਤੇ ਹਰਜਾਪ ਸਿੰਘ ਸ਼ਾਮਲ ਸਨ। ਟੀਮ ਦੀ ਇਕਜੁੱਟਤਾ, ਨਿਸ਼ਾਨੇਬਾਜ਼ੀ ਦੀ ਸਹੀ ਤਕਨੀਕ ਅਤੇ ਲਗਾਤਾਰ ਅਭਿਆਸ ਨੇ ਇਸ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਕੁਲਰਾਜ ਸਿੰਘ ਨੇ ਵਿਅਕਤੀਗਤ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ। ਉਸ ਦੀ ਇਸ ਪ੍ਰਾਪਤੀ ਦੀ ਵਿਸ਼ੇਸ਼ ਮਹੱਤਤਾ ਇਸ ਲਈ ਵੀ ਹੈ ਕਿਉਂਕਿ ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਗੋਆ ਵਿਖੇ ਹੋਣ ਵਾਲੀ ਨੈਸ਼ਨਲ ਪੱਧਰ ਦੀ ਸ਼ੂਟਿੰਗ ਚੈਂਪਿਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਕੁਲਰਾਜ ਸਿੰਘ ਦੀ ਇਸ ਉਪਲਬਧੀ ਨਾਲ ਸਕੂਲ ਦੇ ਖੇਡ ਜਗਤ ਵਿੱਚ ਇੱਕ ਹੋਰ ਮਾਣਮੱਤਾ ਅਧਿਆਇ ਜੁੜ ਗਿਆ ਹੈ। ਸਕੂਲ ਵਿੱਚ ਇਨ੍ਹਾਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਟੇਜ ’ਤੇ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਜਿੱਤ ਦੀ ਖੁਸ਼ੀ ਅਤੇ ਮਾਣ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਸੀ। ਸਕੂਲ ਦੇ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਰਾਜ ਪੱਧਰ ’ਤੇ ਮੈਡਲ ਜਿੱਤਣਾ ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਕੂਲ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਕੋਚ ਹਰਜੀਤ ਸਿੰਘ ਦੀ ਭੂਮਿਕਾ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਉੱਚ ਪੱਧਰੀ ਤਕਨੀਕੀ ਸਿਖਲਾਈ, ਨਿਰੰਤਰ ਮਾਰਗਦਰਸ਼ਨ ਅਤੇ ਅਭਿਆਸ ਪ੍ਰਦਾਨ ਕਰਨ ਵਿੱਚ ਕੋਚ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀਆਂ ਦੀ ਮਿਹਨਤ ਨੂੰ ਮਾਹਿਰ ਕੋਚ ਦੀ ਸਹੀ ਦਿਸ਼ਾ ਅਤੇ ਸਕੂਲ ਵੱਲੋਂ ਲੋੜੀਂਦੀਆਂ ਖੇਡ ਸਹੂਲਤਾਂ ਮਿਲਦੀਆਂ ਹਨ ਤਾਂ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਸੰਭਵ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਵੱਲੋਂ ਵਿਦਿਆਰਥੀਆਂ ਦੀ ਸ਼ੂਟਿੰਗ ਪ੍ਰਤਿਭਾ ਨੂੰ ਨਿਖਾਰਨ ਲਈ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਸ਼ੂਟਿੰਗ ਰੇਂਜ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਇਸ ਆਧੁਨਿਕ ਸ਼ੂਟਿੰਗ ਰੇਂਜ ਵਿੱਚ ਵਿਦਿਆਰਥੀ ਨਿਯਮਿਤ ਤੌਰ ’ਤੇ ਅਭਿਆਸ ਕਰਦੇ ਹਨ ਅਤੇ ਟਾਰਗੇਟ ’ਤੇ ਨਿਸ਼ਾਨਾ ਲਗਾਉਣ ਤੋਂ ਬਾਅਦ ਨਤੀਜਾ ਤੁਰੰਤ ਲੈਪਟਾਪ ਸਕਰੀਨ ’ਤੇ ਦੇਖ ਸਕਦੇ ਹਨ। ਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਸਹੂਲਤ ਖਿਡਾਰੀਆਂ ਨੂੰ ਆਪਣੀ ਤਕਨੀਕ, ਸਹੀ ਨਿਸ਼ਾਨੇ ਅਤੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ।