Latest News & Updates

ਬਾਘਾਪੁਰਾਣਾ ਵਿਧਾਇਕ ਸ਼੍ਰੀ ਅਮ੍ਰਿਤਪਾਲ ਸਿੰਘ ਸੁਖਾਨੰਦ ਨੁੰ ਮਿਲੇ ਫੈਪ ਜ਼ਿਲਾ ਮੋਗਾ ਦੇ ਨੁਮਾਇੰਦੇ

ਸਕੂਲਾਂ ਦੇ ਵਿੱਰੁੱਧ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਜਾਣੂੰ ਕਰਵਾਇਆ ਤੇ ਮੈਮੋਰੰਡਮ ਦਿੱਤਾ

ਪੰਜਾਬ ਰਾਜ ਦੇ ਪ੍ਰਾਇਵੇਟ ਸਿੱਖਿਆ ਅਦਾਰਿਆਂ ਨੇ ਮਿਲ ਕੇ ਬਣਾਈ ਫੈਡਰੇਸ਼ਨ ਆਫ ਅਨਏਡਿਡ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਦੀ ਜ਼ਿਲਾ ਮੋਗਾ ਟੀਮ ਦੇ ਨੁਮਾਇੰਦੇ ਬਾਘਾਪੁਰਾਣਾ ਦੇ ਐੱਮ.ਐੱਲ.ਏ ਸ਼੍ਰੀ ਅਮ੍ਰਿਤਪਾਲ ਸਿੰਘ ਸੁਖਾਨੰਦ ਜੀ ਨੂੰ ਮਿਲਣ ਪਹੁੰਚੇ। ਜਿਸ ਦੋਰਾਨ ਪ੍ਰਾਇਵੇਟ ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਾਇਵੇਟ ਸਕੂਲਾਂ ਦੇ ਵਿੱਰੁੱਧ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਜਾਣੂੰ ਕਰਵਾਇਆ ਤੇ ਸਕੂਲ਼ਾਂ ਵੱਲੋਂ ਮੈਮੋਰੰਡਮ ਦੀ ਕਾਪੀ ਸੋਂਪੀ, ਜੋ ਕਿ ਹਰ ਜ਼ਿਲੇ ਦੇ ਵਿਧਾਇਕਾਂ ਨੂੰ ਮੈਂਬਰਾਂ ਵੱਲੋਂ ਸੋਂਪੀ ਜਾ ਰਹੀ ਹੈ। ਜਿਸਦਾ ਮੂੱਖ ਕਾਰਨ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਰੋਕਣਾ ਹੈ ਤੇ ਇਸੇ ਤਰਾਂ ਦਾ ਇੱਕ ਮੈਮੋਰੰਡਮ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਦਿੱਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਮੋਗਾ ਇਕਾਈ ਦੇ ਨੁਮਾਇੰਦੇ ਦਵਿੰਦਰ ਪਾਲ ਸਿੰਘ ਰਿੰਪੀ, ਕੁਲਵੰਤ ਸਿੰਘ ਦਾਨੀ, ਸੰਜੀਵ ਕੁਮਾਰ ਸੈਣੀ, ਨੇ ਦੱਸਿਆ ਕਿ ਇਹ ਮੈਮੋਰੰਡਮ ਪ੍ਰਾਈਵੇਟ ਸਕੂਲਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਤਸਵੀਰ ਹੈ। ਪ੍ਰਾਇਵੇਟ ਸਕੂਲਾਂ ਨੇ ਸਮਾਜ ਵਿੱਚ ਐਜੁਕੇਸ਼ਨ ਦੇ ਪੱਧਰ ਨੂੰ ਉੱਪਰ ਲੈ ਕੇ ਜਾਣ ਵਿੱਚ ਜੋ ਸਹਿਯੋਗ ਪਾਇਆ ਹੈ ਉਸਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ। ਪ੍ਰਾਇਵੇਟ ਸਕੂਲ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰ ਰਹੇ ਹਨ ਇਹ ਅਜਿਹੇ ਅਦਾਰੇ ਹਨ ਜੋ ਕਿ ਸਰਕਾਰ ਕੋਲੋਂ ਕਿਸੇ ਤਰਾਂ ਦੀ ਗ੍ਰਾਂਟ ਨਹੀਂ ਲੈਂਦੇ ਤੇ ਅਤੇ ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਹੇ ਹਨ। ਪਿਛਲੇ ਦੋ ਸਾਲਾਂ ਦੋਰਾਨ ਕੋਵਿਡ ਦੀ ਮਹਾਂਮਾਰੀ ਦੇ ਕਰਕੇ ਪ੍ਰਾਇਵੇਟ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਨਿਜੀ ਸਮੇਂ ਚੋਂ ਵੀ ਸਮਾਂ ਕੱਢ ਕੇ ਆਨ-ਲਾਇਨ ਐਜੁਕੇਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਅਤੇ ਵੈਕਸਿਨ ਮੁਹਿੰਮ ਦੋਰਾਨ ਵੀ ਪ੍ਰਾਈਵੇਟ ਸਕੂਲ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ। ਪ੍ਰਾਇਵੇਟ ਵਿਦਿਅਕ ਅਦਾਰਿਆਂ ਨੂੰ ਮੌਜੂਦਾ ਸਰਕਾਰ ਤੋਂ ਬਹੁਤ ਉਮੀਦਾਂ ਹਨ। ਉਹਨਾਂ ਅੱਗੇ ਕਿਹਾ ਕਿ ਪ੍ਰਾਈਵੇਟ ਸਕੂਲ ਹਮੇਸ਼ਾ ਹੀ ਸਰਕਾਰ ਵੱਲੋਂ ਜਾਰੀ ਹੁਕਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦੇ ਆ ਰਹੇ ਹਨ ਚਾਹੇ ਉਹ ਫੀਸਾਂ ਦਾ ਵਿਸ਼ਾ ਹੋਵੇ ਜਾਂ ਆਰ.ਟੀ.ਈ ਐਕਟ ਦਾ ਮਸਲਾ ਹੋਵੇ। ਇਸ ਦੋਰਾਨ ਵਿਧਾਇਕ ਸ਼੍ਰੀ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਆਪਣੇ ਸੰਘਰਸ਼ ਦੇ ਦਿਨਾਂ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਮਾਪਿਆਂ ਨਾਲ ਮਿਲ ਕੇ ਪ੍ਰਾਇਵੇਟ ਸਕੂਲ ਦੇ ਖਿਲਾਫ ਧਰਨਾ ਵੀ ਲਗਾਇਆ ਸੀ ਤੇ ਉਹਨਾਂ ਦੱਸਿਆ ਕਿ ਉਹ ਸਕੂਲਾਂ ਅਤੇ ਮਾਪਿਆਂ ਦੀਆਂ ਮੁਸ਼ਕਲਾਂ ਤੋਂ ਚੰਗੀ ਤਰਾਂ ਵਾਕਿਫ ਹਨ। ਉਹਨਾਂ ਨੇ ਭਰੋਸਾ ਦਵਾਇਆ ਕਿ ਕਿਸੇ ਵੀ ਪ੍ਰਾਇਵੇਟ ਸਿੱਖਿਆ ਅਦਾਰੇ ਨਾਲ ਧੱਕਾ ਨਹੀਂ ਹੋਣ ਦਵਾਂਗੇ। ਉਹਨਾਂ ਨੇ ਫੈਡਰੇਸ਼ਨ ਨੂੰ ਵੀ ਅਪੀਲ ਕੀਤੀ ਕਿ ਅਗਰ ਕੋਈ ਸਕੂਲ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਫੈਡਰੇਸ਼ਨ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਸਕੂਲਾਂ ਵਿਰੁੱਧ ਉਹ ਖੁਦ ਕਾਰਵਾਈ ਕਰਨ ਬਾਕੀ ਉਹਨਾਂ ਦੀ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲੇਗਾ। ਉਹਨਾਂ ਨੇ ਸਿੱਖਿਆ ਪ੍ਰਸਾਰ ਲਈ ਪ੍ਰਾਇਵੇਟ ਸਕੂਲਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਾਇਵੇਟ ਵਿਦਿਅਕ ਅਦਾਰੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ। ਮੈਮੋਰਿੰਡਮ ਦੇਣ ਸਮੇਂ ਜਿਲਾ ਮੋਗਾ ਇਕਾਈ ਦੇ ਮੈਂਬਰ ਮੋਜੂਦ ਸਨ।

Comments are closed.