ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਬੱਚਿਆਂ ਵੱਲੋਂ ‘ਇੰਟਰਨੈਸ਼ਨਲ ਡੇ ਆਫ ਓਲਡਰ ਪਰਸਨ’ (ਅੰਤਰਰਾਸ਼ਟਰੀ ਬਜ਼ੁਰਗ ਦਿਵਸ) ਮਨਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਇਸ ਦਿਨ ਨਾਲ ਸਬੰਧਿਤ ਵੱਖੋ-ਵੱਖਰੇ ਆਰਟੀਕਲ ਅਤੇ ਚਾਰਟ ਪੇਸ਼ ਕੀਤੇ ਜਿਨ੍ਹਾਂ ਦੁਆਰਾ ਇਹ ਦਰਸ਼ਾਇਆ ਗਿਆ ਕਿ ਸਾਡੇ ਬਜ਼ੁਰਗ ਜਾਂ ਵਡੇਰੇ, ਵਿਹੜੇ ਵਿੱਚ ਲੱਗੇ ਉਸ ਪਿੱਪਲ ਦੀ ਤਰ੍ਹਾਂ ਹਨ ਜਿਨ੍ਹਾਂ ਦੀ ਛਾਂ ਹੇਠਾਂ ਅਸੀਂ ਆਪਣੇ ਬਚਪਣ ਅਤੇ ਅੱਲ੍ਹੜਪੁਣੇ ਦੀਆਂ ਪੀਂਘਾ ਤੇ ਖੁਸ਼ੀਆਂ ਅਤੇ ਖੇੜਿਆਂ ਦੇ ਝੂਟੇ ਲੈਂਦੇ ਹਾਂ।ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੀ ਤਕਨੀਕ ਅਤੇ ਰੁਝੇਵਿਆਂ ਭਰੀ ਜਿੰਦਗੀ ਬਹੁਤ ਹੀ ਤੇਜ ਗਤੀ ਨਾਲ ਅੱਗੇ ਵੱਧਦੀ ਜਾ ਰਹੀ ਹੈ, ਤਰੱਕੀ ਅਤੇ ਦੌਲਤ ਕਮਾਉਣ ਦੀ ਐਸੀ ਦੌੜ ਚੱਲ ਰਹੀ ਹੈ ਕਿ ਹਰ ਇੱਕ ਵਿਅਕਤੀ ਆਪਣੀ ਪੂਰੀ ਸ਼ਕਤੀ ਲਗਾਉਂਦਾ ਹੋਇਆ ਇਸ ਦੌੜ ਵਿੱਚ ਅਗੇੜੀ ਰਹਿਣ ਲਈ ਭੱਜਿਆ ਜਾ ਰਿਹਾ ਹੈ ਅਤੇ ਉਹ ਇਸ ਗੱਲ ਤੋਂ ਅਨਜਾਨ ਹੈ ਕਿ ਇਸ ਦੌੜ ਵਿੱਚ ਉਹ ਬਹੁਤ ਕੁੱਝ ਪਿੱਛੇ ਛੱਡਦਾ ਜਾ ਰਿਹਾ ਹੈ । ਇਹਨਾਂ ਪਿੱਛੇ ਛੁਟਣ ਵਾਲੀਆਂ ਚੀਜਾਂ ਵਿੱਚੋਂ ਸਭ ਤੋਂ ਕੀਮਤੀ ਹਨ ਸਾਡੇ ਬਜ਼ੁਰਗ । ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਸਾਨੂੰ ਸਾਂਭਣ ਵਾਲੇ, ਪਿਆਰ ਦੁਲਾਰ ਨਾਲ ਪਾਲ ਕੇ ਕਾਮਯਾਬ ਬਣਾਉਣ ਵਾਲੇ ਸਾਡੇ ਬਜ਼ੁਰਗ ਸਾਡੇ ਰੁਝੇਵਿਆਂ ਕਰਕੇ ਅੱਜ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਨ। ਚੇਅਰਪਰਸਨ ਮੈਡਮ ਨੇ ਕਿਹਾ ਕਿ ਇਹ ਸਾਡੀ ਜਿੰਮੇਦਾਰੀ ਬਣਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੀਏ ਕਿਉਂਕਿ ਉਮਰ ਦੇ ਆਖਰੀ ਪੜਾਅ ਵਿੱਚ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰਿਵਾਰ ਦੇ ਸਾਥ ਅਤੇ ਪਿਆਰ ਦੀ ਹੀ ਲੋੜ ਹੁੰਦੀ ਹੈ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੁਨੀਆਭਰ ਵਿੱਚ ਵੱਧ ਰਹੀ ਬਜ਼ੁਰਗਾਂ ਦੀ ਗਿਣਤੀ ਅਤੇ ਬਜ਼ੁਰਗਾਂ ਨਾਲ ਸਬੰਧਿਤ ਮੁਸ਼ਕਿਲਾਂ ਦੇ ਸਰਵੇ ਦੀਆਂ ਰਿਪੋਰਟਾਂ ਦੇ ਅਧਾਰ ਤੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ 14 ਦਸੰਬਰ 1990 ਨੂੰ ਇੱਕ ਮਤਾ ਪਾਸ ਕੀਤਾ ਗਿਆ ਜਿਸ ਮੁਤਾਬਿਕ 1 ਅਕਤੂਬਰ ਨੂੰ ‘ਇੰਟਰਨੈਸ਼ਨਲ ਡੇ ਆਫ ਓਲਡਰ ਪਰਸਨ’ (ਅੰਤਰਰਾਸ਼ਟਰੀ ਬਜ਼ੁਰਗ ਦਿਵਸ) ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਇਸ ਵਕਤ ਪੁਰੇ ਵਿਸ਼ਵ ਵਿੱਚ ਲੱਗਭੱਗ 700 ਮਿਲਿਅਨ ਬਜ਼ੁਰਗ ਹਨ ਅਤੇ ਸਾਲ 2050 ਤੱਕ ਇਹ ਗਿਣਤੀ 2 ਬਿਲਿਅਨ ਤੇ ਪਹੁੰਚ ਜਾਵੇਗੀ। ਮੈਡਮ ਨੇ ਕਿਹਾ ਕਿ ਸਾਡੇ ਬਜ਼ੁਰਗ ਤਜੁਰਬੇ ਦੇ ਸਮੁੰਦਰ ਹਨ, ਜਿਨ੍ਹਾਂ ਨੇ ਪੱਥਰ ਪਾੜ੍ਹ ਕੇ ਅੰਨ ਪੈਦਾ ਕੀਤਾ, ਇਹ ਸਾਡੇ ਜੀਵਨ ਨੂੰ ਆਪਣੇ ਤਜ਼ੁਰਬੇ ਅਤੇ ਮਾਰਗ ਦਰਸ਼ਨ ਨਾਲ ਤਰੱਕੀ ਦੇ ਰਾਹਾਂ ਤੇ ਲੈਕੇ ਜਾ ਸਕਦੇ ਹਨ। ਇਸ ਲਈ ਸਾਨੂੰ ਸਭ ਨੂੰ ਆਪਣੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹਿਦਾ ਹੈ ਅਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਜ਼ੁਰਗ ਬੋਹੜ ਦੀ ਛਾਂ ਵਰਗੇ ਹੁੰਦੇ ਨੇ ਜੋ ਸਾਨੂੰ ਦੁੱਖਾਂ ਦੀ ਧੁੱਪ ਤੋਂ ਬਚਾ ਸਕਦੇ ਹਨ।
Comments are closed.