ਬਲੂਮਿੰਗ ਬਡਜ਼ ਸਕੂਲ ਵਿਖੇ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮੌਕੇ ਵਿਸ਼ੇਸ਼ ਸਭਾ ਦਾ ਆਯੋਜਨ
ਵਿਦਿਆਰਥੀਆਂ ਨੇ ਆਫ਼ਤ ਪ੍ਰਬੰਧਨ, ਸੁਰੱਖਿਆ ਉਪਾਵਾਂ ਅਤੇ ਜੋਖ਼ਮ ਘਟਾਉਣ ਬਾਰੇ ਦਿੱਤੀ ਜਾਣਕਾਰੀ
ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮੌਕੇ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਰਟੀਕਲ ਅਤੇ ਚਾਰਟ ਰਾਹੀਂ ਇਸ ਦਿਨ ਦੀ ਮਹੱਤਤਾ, ਇਤਿਹਾਸ ਅਤੇ ਆਫ਼ਤ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਭੂਚਾਲ, ਹੜ੍ਹ, ਅੱਗ ਅਤੇ ਹੋਰ ਕੁਦਰਤੀ ਜਾਂ ਮਨੁੱਖੀ ਕਾਰਨਾਂ ਕਰਕੇ ਪੈਦਾ ਹੋਣ ਵਾਲੀਆਂ ਆਫ਼ਤਾਂ ਦੌਰਾਨ ਸਾਵਧਾਨੀਆਂ ਵਰਤਣ ਅਤੇ ਜਾਨੀ-ਮਾਲੀ ਨੁਕਸਾਨ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਵੀ ਚਾਨਣਾ ਪਾਇਆ। ਵਿਦਿਆਰਥੀਆਂ ਆਰਟੀਕਲ ਪੇਸ਼ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਹਰ ਸਾਲ 13 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 1989 ਵਿੱਚ ਇਸ ਦਿਵਸ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਲੋਕਾਂ ਵਿੱਚ ਆਫ਼ਤਾਂ ਦੇ ਖ਼ਤਰਿਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਆਫ਼ਤਾਂ ਤੋਂ ਬਚਾਅ ਲਈ ਵਿਸ਼ਵ ਪੱਧਰ ‘ਤੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਾਲ 2009 ਵਿੱਚ 13 ਅਕਤੂਬਰ ਨੂੰ ਇਸ ਦਿਵਸ ਲਈ ਸਥਾਈ ਤਾਰੀਖ਼ ਵਜੋਂ ਨਿਰਧਾਰਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਮਝਾਇਆ ਕਿ ਆਫ਼ਤਾਂ ਦੇ ਜੋਖ਼ਮ ਨੂੰ ਘਟਾਉਣ ਲਈ ਪਹਿਲਾਂ ਤੋਂ ਤਿਆਰੀ ਕਰਨਾ, ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ, ਐਮਰਜੈਂਸੀ ਨਿਕਾਸੀ ਦੇ ਰਸਤਿਆਂ ਦੀ ਜਾਣਕਾਰੀ ਰੱਖਣੀ, ਮੁੱਢਲੀ ਸਹਾਇਤਾ ਸਿੱਖਣੀ ਅਤੇ ਲੋੜ ਪੈਣ ‘ਤੇ ਬਚਾਅ ਸੇਵਾਵਾਂ ਦੀ ਮਦਦ ਲੈਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਹ ਸੰਦੇਸ਼ ਵੀ ਦਿੱਤਾ ਕਿ ਸਹੀ ਜਾਣਕਾਰੀ, ਸਮੇਂ ਸਿਰ ਕਾਰਵਾਈ ਅਤੇ ਸਮੂਹਿਕ ਯਤਨਾਂ ਨਾਲ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਨਿਧੀ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਫ਼ਤ ਪ੍ਰਬੰਧਨ ਸਿਰਫ਼ ਸਰਕਾਰੀ ਏਜੰਸੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ, ਅਨੁਸ਼ਾਸਨ ਅਤੇ ਸਮੇਂ ਸਿਰ ਲਏ ਗਏ ਸਹੀ ਫ਼ੈਸਲੇ ਸੰਕਟ ਦੇ ਸਮੇਂ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਅਤੇ ਸਮਾਜ ਵਿੱਚ ਵੀ ਆਫ਼ਤਾਂ ਤੋਂ ਬਚਾਅ ਸਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਇੱਕ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕ ਬਣਨ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਕਰਨ ਵਾਸਤੇ ਸਮੇਂ-ਸਮੇਂ ‘ਤੇ ਆਫ਼ਤ ਪ੍ਰਬੰਧਨ ਅਤੇ ਅੱਗ ਤੋਂ ਬਚਾਅ ਸਬੰਧੀ ਮੌਕ ਡ੍ਰਿੱਲਾਂ ਵੀ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਅਭਿਆਸਾਂ ਰਾਹੀਂ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਸੁਰੱਖਿਅਤ ਬਾਹਰ ਨਿਕਲਣ, ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੂਝ-ਬੂਝ ਨਾਲ ਕੰਮ ਲੈਣ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਜਾਂਦੀ ਹੈ। ਸਕੂਲ ਦਾ ਇਹ ਉਪਰਾਲਾ ਵਿਦਿਆਰਥੀਆਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਹਿੰਮਤ ਤੇ ਸਮਝਦਾਰੀ ਨਾਲ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।