ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ਫਾਇਰ ਫਾਇਟਰਸ ਡੇ’
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਸਕੂਲ ਵਿੱਚ ਫਾਇਰ ਫਇਟਰਸ ਡੇ ਮੌਕੇ ਸਪੈਸ਼ਲ ਅਸੈਂਬਲੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆ ਵੱਲੋਂ ਇਸ ਦਿਨ ਨਾਲ ਸੰਬੰਧਿਤ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਫਾਇਰ ਫਾਇਟਰਸ ਡੇ ਉਨ੍ਹਾਂ ਬਹਾਦਰ ਪੁਰਸ਼ਾਂ ਅਤੇ ਔਰਤਾਂ ਲਈ ਸਾਡੀ ਸ਼ੁਕਰਗੁਜ਼ਾਰੀ ਅਤੇ ਪ੍ਰਸ਼ੰਸਾ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਣ ਮੌਕਾ ਹੈ ਜੋ ਸਾਨੂੰ ਅੱਗ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਗਾ ਦਿੰਦੇ ਹਨ। ਉਨ੍ਹਾਂ ਦੀ ਨਿਰਸਵਾਰਥਤਾ, ਬਹਾਦਰੀ ਅਤੇ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਸਾਡੇ ਡੂੰਘੇ ਸਨਮਾਨ ਦੇ ਹੱਕਦਾਰ ਹੈ। ਸਾਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰਾਂ ਨੂੰ ਇਸਤੇਮਾਲ ਕਰਨ ਬਾਰੇ ਦੱਸਿਆ ਗਿਆ। ਜਿਸ ਦੋਰਾਨ ਵਿਦਿਆਰਥੀਆਂ ਨੂੰ ਇਹ ਦਿਖਾਇਆ ਤੇ ਸਿਖਾਇਆ ਗਿਆ ਕਿ ਵੱਖ-ਵੱਖ ਹਲਾਤਾਂ ਵਿੱਚ, ਵੱਖ-ਵੱਖ ਥਾਵਾਂ ਉੱਤੇ ਅਤੇ ਵੱਖ-ਵੱਖ ਕਿਸਮ ਦੀ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ, ਡਰਾਇਵਰਾਂ ਨੂੰ ਅਤੇ ਹੈਲਪਰਾਂ ਨੂੰ ਵੱਖ –ਵੱਖ ਤਰ੍ਹਾਂ ਦੇ ਫਾਇਰ ਸੇਫਟੀ ਯੰਤਰਾ ਦੀ ਵਰਤੋਂ ਕਰਨ ਦਾ ਵੀ ਢੰਗ ਸਿਖਾਇਆ ਗਿਆ। ਉਹਨਾਂ ਨੂੰ ਸਮਝਾਇਆ ਕਿ ਸਕੂਲ ਵਿੱਚ, ਘਰ ਵਿੱਚ ਜਾਂ ਕਦੇ ਸਕੂਲ ਵੈਨ ਵਿੱਚ ਸਫਰ ਕਰਦੇ ਹੋਏ ਜੇਕਰ ਅੱਗ ਲੱਗਣ ਵਰਗੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਾਨੂੰ ਹਿੰਮਤ ਅਤੇ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ। ਜੇਕਰ ਸਾਡੇ ਕੋਲ ਫਾਇਰ ਸੇਫਟੀ ਯੰਤਰ ਮੌਜੂਦ ਹੋਣ ਅਤੇ ਇਹਨਾਂ ਦੀ ਵਰਤੋਂ ਦਾ ਸਹੀ ਤਰੀਕਾ ਸਾਨੂੰ ਪਤਾ ਹੋਵੇ ਤਾਂ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਨੁੰ ਘੱਟ ਕੀਤਾ ਜਾ ਸਕਦਾ ਹੈ ਅਤੇ ਕਈ ਜਾਨਾਂ ਦੀ ਵੀ ਸੁਰੱਖਿਆ ਕੀਤੀ ਜਾ ਸਕਦੀ ਹੈ। ਉਹਨਾਂ ਇੱਗ ਗੱਲ ਉੱਪਰ ਵੀ ਚਾਨਣਾ ਪਾਇਆ ਕਿ ਹਰ ਪ੍ਰਕਾਰ ਦੀ ਅੱਗ ਨੂੰ ਪਾਣੀ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਬਿਜਲੀ ਦੀਆਂ ਤਾਰਾਂ ਦੀ ਅੱਗ, ਪੈਟਰੋਲ ਦੀ ਅੱਗ ਜਾਂ ਗੈਸ ਤੋਂ ਲੱਗੀ ਹੋਈ ਅੱਗ ਤੇ ਪਾਣੀ ਨਾਲ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਦੀ ਅੱਗ ਤੇ ਕਾਬੂ ਪਾਉਣ ਲਈ ਰੇਤ ਜਾਂ ਫੋਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੀ ਬਲੂਮਿੰਗ ਬਡਜ਼ ਸੰਸਥਾ ਆਪਣੇ ਹਰ ਇੱਕ ਵਿਦਿਆਰਥੀ ਦੀ ਸੁਰੱਖਿਆ ਲਈ ਵਚਨਬੱਧ ਹੈ। ਸਕੂਲ ਦੇ ਹਰ ਬਲਾਕ ਵਿੱਚ ਫਾਇਰ ਹਾਈਡਰੈਂਟ ਸਿਸਟਮ ਲੱਗੇ ਹੋਏ ਹਨ ਅਤੇ ਹਰ ਫਲੋਰ ਉੱਪਰ ਹੋਜ਼ ਰੀਲ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਹਰ ਹਿੱਸੇ ਵਿੱਚ ਅੱਗ ਬੁਝਾਊ ਯੰਤਰ ਲੱਗੇ ਹੋਏ ਹਨ ਅਤੇ ਸਮੇਂ-ਸਮੇਂ ਤੇ ਇਹਨਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਵੈਨਾਂ ਵਿੱਚ ਵੀ ਇਹ ਯੰਤਰ ਫਿੱਟ ਕੀਤੇ ਹੋਏ ਹਨ ਅਤੇ ਡਰਾਈਵਰਾਂ ਅਤੇ ਹੈਲਪਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਰਹਿੰਦੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Comments are closed.