Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਡਾ. ਭੀਮ ਰਾਓ ਅੰਬੇਡਕਰ ਨੂੰ ਉਹਨਾਂ ਦੀ ਜਯੰਤੀ ਮੌਕੇ ਦਿੱਤੀ ਸ਼ਰਧਾਂਜਲੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਭਾਰਤੀ ਸਵੀਧਾਨ ਦੇ ਜਨਮਦਾਤਾ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮਨਾਈ ਗਈ। ਅਸੈਂਬਲੀ ਮੌਕੇ ਵਿਦਿਆਰਥੀਆਂ ਵੱਲੋਂ ਬੜੇ ਹੀ ਸੁੰਦਰ ਚਾਰਟ ਪ੍ਰਦਰਸ਼ਿਤ ਕੀਤੇ ਗਏ। ਇਸ ਤੋਂ ਇਲਾਵਾ ਡਾ. ਅੰਬੇਡਕਰ ਦੇ ਜੀਵਨ, ਦੇਸ਼ ਦੀ ਸਿਆਸਤ ਅਤੇ ਸਮਾਜਿਕ ਖੇਤਰ ਵਿੱੱਚ ਉਹਨਾਂ ਦੇ ਯੋਗਦਾਨ ਅਤੇ ਭਾਰਤੀ ਸੰਵੀਧਾਨ ਦੀ ਉਸਾਰੀ ਵਿੱਚ ਉਹਨਾਂ ਦੇ ਵਡਮੁੱਲੇ ਯੋਗਦਾਨ ਨਾਲ ਸੰਬੰਧਤ ਆਰਟੀਕਲ ਵੀ ਪੇਸ਼ ਕੀਤੇ ਗਏ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਡਾ. ਅੰਬੇਡਕਰ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਡਾ. ਭੀਮ ਰਾਓ ਜਿੰਨ੍ਹਾਂ ਦਾ ਜਨਮ ਇੱਕ ਬਹੁਤ ਹੀ ਸਧਾਰਨ ਪਰਿਵਾਰ ਵਿੱਚ ਹੋਇਆ ਸੀ, ਉਹਨਾਂ ਆਪਣੀ ਯੋਗਤਾ ਅਤੇ ਮਿਹਨਤ ਸਦਕਾ ਉੱਚ ਵਿੱਦਿਆ ਹਾਸਿਲ ਕੀਤੀ। ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਦੋਵਾਂ ਤੋਂ ਅਰਥ ਸ਼ਾਸਤਰ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਅਜ਼ਾਦੀ ਤੋਂ ਬਾਅਦ ਜਦੋਂ ਭਾਰਤ ਜਿਹੇ ਵਿਸ਼ਾਲ ਦੇਸ਼ ਦੀ ਅਰਥਵਿਵਸਥਾ ਨੂੰ ਉੱਤਮ ਢੰਗ ਨਾਲ ਚਲਾਉਣ ਲਈ ਇੱਕ ਸਵੀਧਾਨ ਦੀ ਜ਼ਰੂਰਤ ਸੀ ਤਾਂ ਡਾ. ਅੰਬੇਡਕਰ ਨੂੰ ਹੀ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਅਤੇ ਭਾਰਤ ਦੀ ਏਕਤਾ, ਅਖੰਡਤਾ, ਭਾਰਤ ਦੇ ਇਤਿਹਾਸ ਅਤੇ ਭਾਰਤ ਦੀ ਧਰਮ ਨਿਰਪੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਭਾਰਤੀ ਸਵੀਧਾਨ ਦੀ ਅਜਿਹੀ ਰੂਪਰੇਖਾ ਤਿਆਰ ਕੀਤੀ ਜੋ ਕਿ ਅੱਜ ਵੀ ਪੂਰੇ ਭਾਰਤ ਵਿੱਚ ਪ੍ਰਚੱਲਿਤ ਹੈ। ਭਾਰਤ ਦਾ ਸਵੀਧਾਨ ਪੂਰੇ ਵਿਸ਼ਵ ਵਿੱਚ ਸੱਭ ਤੋਂ ਵੱਡਾ ਲਿਖਿਤ ਸਵੀਧਾਨ ਹੈ। ਪ੍ਰਿੰਸੀਪਲ ਮੈਡਮ ਡਾ. ਹਮੀਲੀਆ ਰਾਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਡਾ. ਅੰਬੇਡਕਰ ਇੱਕ ਮਹਾਨ ਅਰਥ ਸ਼ਾਸਤਰੀ, ਸਿਆਸਤਦਾਨ ਅਤੇ ਪ੍ਰਭਾਵਸ਼ਾਲੀ ਨੇਤਾ ਸਨ ਪਰ ਇਸ ਤੋਂ ਇਲਾਵਾ ਉਹ ਇੱਕ ਉੱਘੇ ਸਮਾਜ ਸੂਧਾਰਕ ਵੀ ਸਨ। ਉਹ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਇਨਸਾਫ ਮੰਤਰੀ ਬਣੇ। ਦਲਿਤ ਭਾਈਚਾਰੇ ਦੇ ਹੱਕਾਂ ਲਈ ਉਹਨਾਂ ਦੁਆਰਾ ਕੀਤ ਗਏ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ। ਭਾਰਤੀ ਸਵੀਧਾਨ ਦੀ ਉਸਾਰੀ ਸਮੇਂ ਵੀ ਉਹਨਾਂ ਇਸ ਗੱਲ੍ਹ ਦਾ ਵਿਸ਼ੇਸ਼ ਧਿਆਨ ਰੱਖਿਆ ਕਿ ਸਮਾਜ ਦੇ ਦੱਬੇ, ਕੁਚਲੇ ਅਤੇ ਪਿਛੜੇ ਵਰਗ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ ਠੋਸ ਕਦਮ ਚੁੱਕੇ ਜਾਣ, ਇਸ ਲਈ ਹਰ ਖੇਤਰ ਵਿੱਚ ਪਿਛੜੀ ਜਾਤੀ ਦੇ ਲੋਕਾ ਲਈ ਆਰਕਸ਼ਨ (ਰਿਜ਼ਰਵੇਸ਼ਨ) ਦੀ ਪ੍ਰੋਵੀਜ਼ਨ ਰੱਖੀ ਗਈ ਜਿਸ ਕਰਕੇ ਹਰ ਖੇਤਰ ਵਿੱਚ ਦਲਿਤ ਵਰਗ ਦੇ ਲੋਕਾਂ ਨੂੰ ਵੀ ਬਰਾਬਰੀ ਦਾ ਮੌਕਾ ਅਤੇ ਅਧਿਕਾਰ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ। ਅੰਤ ਵਿੱਚ ਸਕੂਲ ਮੈਨੇਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

Comments are closed.