ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ ਅਤੇ ਮਨਾਈ ਗਈ ਸ਼੍ਰੀ ਬੀ.ਆਰ ਅੰਬੇਦਕਰ ਜਯੰਤੀ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ ਵਿਖੇ ਵਿਸਾਖੀ ਦਾ ਤਿਉਹਾਰ ਅਤੇ ਸ਼੍ਰੀ ਬੀ.ਆਰ ਅੰਬੇਦਕਰ ਜਯੰਤੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਕਿੰਡਰਗਾਰਟਨ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ ਅਤੇ ਇਸ ਦਿਨ ਨਾਲ ਸੰਬੰਧਤ ਬਹੁਤ ਸੁੰਦਰ ਚਾਰਟ ਬਣਾਏ ਗਏ। ਇਸ ਮੌਕੇ ਗਲਬਾਤ ਕਰਦੇ ਹੋਏ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਵਿਸਾਖੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ ਜੋ ਹਰ ਸਾਲ ਵਿਸਾਖ ਮਹੀਨੇ ਦੀ ਸੰਗ੍ਰਾਦ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਵਿੱਚ ਅਨੇਕਾਂ ਪ੍ਰਸੰਗ ਜੁੜ ਜਾਣ ਨਾਲ ਇਸ ਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਹੈ। ਅਸਲ ਵਿੱਚ ਪਹਿਲੇ ਇਹ ਤਿਉਹਾਰ ਇੱਕ ਰੁੱਤ ਸੰਬੰਧੀ ਮੰਨਿਆ ਜਾਂਦਾ ਸੀ। ਵਿਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿੱਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਦੇਖ ਕੇ ਖੁਸ਼ੀ ਨਾਲ ਨੱਚ ਉੱਠਦਾ ਹੈ। ਵਿਸਾਖੀ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ ਜੁੜੇ ਹਨ। ਗੁਰੁ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਅਨੰਦਪੁਰ ਸਾਹਿਬ ਵਿਖੇ ਭਾਰੀ ਦੀਵਾਨ ਲਗਾਇਆ ਸੀ। ਉਨ੍ਹਾਂ ਨੇ ਪੰਜ ਪਿਆਰੇ ਸਾਜੇ ਸੀ। ਇਸ ਤਰ੍ਹਾਂ ਉਨ੍ਹਾਂ ਨੇ ਅੱਜ ਦੇ ਦਿਨ ਖਾਲਸਾ ਪੰਥ ਸਾਜਿਆ। ਵਿਸਾਖੀ ਦੇ ਪਵਿਤ੍ਰ ਦਿਨ 13.04.1919 ਨੂੰ ਅੰਮ੍ਰਿਤਸਰ ਦੇ ਜਲੀਆਂ ਵਾਲੇ ਬਾਗ ਵਿੱਚ ਭਿਆਨਕ ਹਿੰਸਾਕਾਂਡ ਹੋਇਆ ਸੀ। ਇਸ ਬਾਗ ਵਿੱਚ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਇਹਨਾਂ ਵੀਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਗਵਾ ਕੇ ਭਾਰਤਵਾਸੀਆਂ ਲਈ ਮੁਕਤੀ ਦਾ ਰਾਸਤਾ ਖੋਲ ਦਿੱਤਾ। ਮੈਡਮ ਰਮਨ ਸ਼ਰਮਾ ਅਤੇ ਬਲਜੀਤ ਕੌਰ ਦੁਆਰਾ ਸ਼੍ਰੀ ਬੀ.ਆਰ ਅੰਬੇਦਕਾਰ ਸਾਹਿਬ ਦੀ ਜੀਵਣੀ ਤੇ ਚਾਨਣਾ ਪਾਇਆ ਗਿਆ ਅਤੇ ਦੱਸਿਆ ਕਿ ਉਹਨਾਂ ਦੁਆਰਾ ਭਾਰਤ ਦਾ ਸੰਵਿਧਾਨ ਲਿਖਿਆ ਗਿਆ। ਇਸ ਮੌਕੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Comments are closed.