Latest News & Updates

ਪੰਜਾਬ ਬੰਦ ਦਾ ਸੱਦਾ ਦੇਵੇਗੀ ਸਕੂਲ ਫੈਡਰੇਸ਼ਨ

ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਕਰਨ ਦੀ ਮੰਗ

ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੀ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਸ਼ਨਜ਼, ਗੁਰਦਾਸਪੁਰ ਵਿੱਚ ਪੜ੍ਹਦੀ ਬੱਚੀ ਨਾਲ ਹੋਈ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੈਡਰੇਸ਼ਨ ਸੰਘਰਸ਼ ਕਰੇਗੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਵਿਖੇ ਚਾਰ ਸਾਲ ਦੀ ਬੱਚੀ ਨਾਲ ਦੁਸ਼ਕਰਮ ਦੀ ਘਟਨਾ ਸਾਹਮਣੇ ਆਈ ਸੀ ਜਿਸ ਤਹਿਤ ਸੰਸਥਾ ਦੇ ਚੇਅਰਮੈਨ ਰਸ਼ਵਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਪੁੱਤਰ ਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਫੈਡਰੇਸ਼ਨ ਦੀ ਜ਼ਿਲਾ ਮੋਗਾ ਇਕਾਈ ਦੇ ਨੁਮਾਇੰਦੇ ਕੁਲਵੰਤ ਸਿੰਘ ਦਾਨੀ, ਸੰਜੀਵ ਕੁਮਾਰ ਸੈਣੀ ਤੇ ਦਵਿੰਦਰਪਾਲ ਸਿੰਘ ਰਿੰਪੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਸੰਸਥਾ ਦੇ ਪ੍ਰਿੰਸੀਪਲ ਨੇ ਸੀ.ਸੀ.ਟੀ.ਵੀ. ਫੁੱਟੇਜ ਦਿਖਾਈ ਜਿਸ ਵਿੱਚ ਛੋਟੀ ਬੱਚੀ ਸਕੂਲ ਵਿੱਚੋਂ ਸਹੀ ਸਲਾਮਤ ਵਾਪਸ ਆਪਣੇ ਮਾਪਿਆਂ ਨਾਲ ਜਾ ਰਹੀ ਸੀ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਫੁੱਟੇਜ ਵਿੱਚ ਉਹ ਵਿਦਿਆਰਥਣ ਆਪਣੇ ਮੁਹੱਲੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ। ਸਾਰਾ ਸ਼ਹਿਰ ਅਤੇ ਖੁਦ ਪੁਲਿਸ ਜਾਣਦੇ ਹਨ ਕਿ ਸੰਸਥਾ ਦੇ ਪ੍ਰਬੰਧਕ ਨਿਰਦੋਸ਼ ਹਨ ਪਰੰਤੂ ਉਹਨਾਂ ਨੂੰ ਲੋਕਾਂ ਵੱਲੋਂ ਲਗਾਏ ਗਏ ਹਾਈਵੇ ਉੱਪਰ ਜਾਮ ਨੂੰ ਖੁਲਵਾਉਣ ਲਈ ਬਿਨਾਂ ਕਿਸੇ ਕਸੂਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਫੈਡਰੇਸ਼ਨ ਬੱਚੀ ਨੂੰ ਇਨਸਾਫ ਦਿਵਾਉਣ ਲਈ ਅਤੇ ਅਸਲ ਦੋਸ਼ੀਆਂ ਨੂੰ ਫੜਾਉਣ ਲਈ ਸੰਘਰਸ਼ ਕਰਨਗੇ। ਜੇਕਰ ਪੁਲਿਸ ਨੇ ਅਸਲ ਦੋਸ਼ੀ ਗ੍ਰਿਫਤਾਰ ਕਰਕੇ ਚੇਅਰਮੈਨ ਗਿੱਲ ਨੂੰ ਰਿਹਾਅ ਨਾ ਕੀਤਾ ਤਾਂ 11 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਪੰਜਾਬ ਬੰਦ ਕਰਨਗੀਆਂ। ਜੇਕਰ ਲੋੜ ਪਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਬੰਦ ਪੰਜਾਬ ਦੇ ਕਾਲਜਾਂ ਦੀ ਜੱਥੇਬੰਦੀ ਜੈਕ ਅਤੇ ਸਕੂਲਾਂ ਦੀਆਂ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਹੋਵੇਗਾ।

Comments are closed.