Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਭਾਰਤ ਦੇਸ਼ ਨੂੰ ਸਵੱਛ ਬਣਾਉਣ ਲਈ ਵਿਦਿਆਰਥੀਆਂ ਨੇ ਲਈ ਸ਼ਪਥ – ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਸਵੇਰ ਦੀ ਸਭਾ ਦੋਰਾਨ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆਰਥੀਆਂ ਵਲੋਂ ਮਹਾਤਮਾ ਗਾਂਧੀ ਜੀ ਦੀ ਮੌਤ ਦੀ ਵਰ੍ਹੇਗੰਢ ਤੇ ਉਹਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ ਸੰਬੰਧੀ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦੇ ਹੋਏ ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਜੀ  ਬਾਪੂ ਵਜੋਂ ਜਾਣੇ ਜਾਂਦੇ ਸਨ। ਉਹਨਾਂ ਨੂੰ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਹੈ। ਉਹ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੀ ਇੱਕ ਅਟੁੱਟ ਕੜੀ ਰਹੇ। ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿੱਚ ਹੋਇਆ ਸੀ। ਲੰਡਨ ਤੋਂ ਬੈਰਿਸਟਰ ਦੀ ਪੜ੍ਹਾਈ ਕਰਕੇ ਦੱਖਣੀ ਅਫਰੀਕਾ ਚਲੇ ਗਏ ਅਤੇ ਉੱਥੇ ਕਾਲੇ ਲੋਕਾਂ ਉੱਪਰ ਹੋ ਰਹੀ ਤਸ਼ਦੱਦ ਦੇ ਵਿਰੁੱਧ ਸੱਤਿਆਗ੍ਰਹਿ ਕੀਤਾ। ਭਾਰਤ ਵਾਪਿਸ ਪਰਤੇ ਤਾਂ ਉਹਨਾਂ ਨੇ ਬ੍ਰਿਟਿਸ਼ ਹਕੂਮਤ ਦੀ ਹਿੰਸਾ ਦੇ ਵਿਰੋਧ ਦਾ ਪ੍ਰਚਾਰ ਕੀਤਾ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਆਜ਼ਾਦੀ ਦੇ ਸੰਘਰਸ਼ ਵਿੱਚ ਮੋਹਰੀ ਰਹੇ। ਨੱਥੂਰਾਮ ਗੌਡਸੇ ਨੇ 30 ਜਨਵਰੀ, 1948 ਨੂੰ ਆਪਣੀ ਸ਼ਾਮ ਦੀ ਪ੍ਰਾਰਥਨਾ ਦੌਰਾਨ ਬਿਰਲਾ ਹਾਊਸ ਵਿਖੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਸੀ। ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ 30 ਜਨਵਰੀ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਪੂਰੇ ਭਾਰਤ ਨੂੰ ਇੱਕ ਸ਼ਾਂਤਮਈ ਸੰਘਰਸ਼ ਦੇ ਨਾਲ ਜੋੜਿਆ ਜਿਸ ਵਿੱਚ ਹਿੰਸਾ ਲਈ ਕੋਈ ਵੀ ਥਾਂ ਨਹੀਂ ਸੀ । ਮਹਾਤਮਾ ਗਾਂਧੀ ਦੀ ਬਰਸੀ ‘ਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਬ੍ਰਿਟਿਸ਼ ਰਾਜ ਵਿਰੁੱਧ ਸੰਘਰਸ਼ ਨੂੰ ਯਾਦ ਕਰਨਾ ਚਾਹੀਦਾ ਹੈ। ਉਹ ਸਭ ਤੋਂ ਮਹੱਤਵਪੂਰਨ ਮੈਂਬਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਇਸ ਦਿਨ ਭਾਰਤ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਮਹਾਤਮਾ ਗਾਂਧੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਜੀ ਨੂਮ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਸਵੱਛਤਾ ਅਭਿਆਨ ਵੀ ਸ਼ੁਰੂ ਕੀਤੇ ਗਏ ਸਨ। ਜਿਸ ਦੇ ਤਹਿਤ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੱਛਤਾ ਸ਼ਪਥ ਵੀ ਲਈ ਗਈ। ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਮੋਜੂਦ ਸੀ।