ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ
‘ਯੁਵਾ ਸ਼ਕਤੀ ਫਾਰ ਵਿਕਸਿਤ ਭਾਰਤ–2047’ ਥੀਮ ਹੇਠ ਕਰਵਾਇਆ ਗਿਆ ਵਿਸ਼ੇਸ਼ ਸਮਾਗਮ – ਡਾ. ਸੰਜੀਵ ਕੁਮਾਰ ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਜੋਸ਼ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਜ਼ਾਦੀ ਦਿਵਸ ਦੇ ਨਾਲ-ਨਾਲ ‘ਵੰਦੇ ਮਾਤਰਮ’ ਰਾਸ਼ਟਰੀ ਗੀਤ ਦੇ 150 ਸਾਲਾ ਵਰ੍ਹੇ ਨੂੰ ਵੀ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਇਸ ਸਾਲ ਦੇ ਸਮਾਗਮ ਦਾ ਕੇਂਦਰੀ ਵਿਸ਼ਾ ‘ਯੁਵਾ ਸ਼ਕਤੀ ਫਾਰ ਵਿਕਸਿਤ ਭਾਰਤ–2047’ ਰਿਹਾ। ਸਮਾਗਮ ਦੀ ਸ਼ੁਰੂਆਤ ਮੈਡਮ ਕਮਲ ਸੈਣੀ ਅਤੇ ਡਾ. ਸੰਜੀਵ ਕੁਮਾਰ ਸੈਣੀ ਵੱਲੋਂ ਰਾਸ਼ਟਰੀ ਤਿਰੰਗਾ ਅਤੇ ਸਕੂਲ ਦਾ ਝੰਡਾ ਲਹਿਰਾਉਣ ਨਾਲ ਹੋਈ। ਇਸ ਉਪਰੰਤ ਸਕੂਲ ਦੇ ਕੁਆਇਰ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਸਕੂਲ ਬੈਂਡ ਦੀ ਅਗਵਾਈ ਹੇਠ ਐੱਨ.ਸੀ.ਸੀ. ਕੈਡਿਟ, ਰੈੱਡ, ਗ੍ਰੀਨ, ਬਲੂ ਅਤੇ ਯੈਲੋ ਹਾਊਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਕਰਦਿਆਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਸਕੂਲ ਕੈਪਟਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸਟਾਫ਼ ਨੇ ਦੇਸ਼ ਪ੍ਰਤੀ ਵਫ਼ਾਦਾਰੀ, ਇਮਾਨਦਾਰੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਵੀ ਚੁੱਕੀ। ਇਸ ਮੌਕੇ ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਆਜ਼ਾਦੀ ਸੰਘਰਸ਼ ਦੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਭਾਰਤ ਨੇ ਸਿੱਖਿਆ, ਖੇਤੀਬਾੜੀ, ਵਿਗਿਆਨ, ਤਕਨਾਲੋਜੀ, ਪੁਲਾੜ, ਸਿਹਤ ਅਤੇ ਰੱਖਿਆ ਸਮੇਤ ਹਰੇਕ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਸਭ ਤੋਂ ਅਹਿਮ ਹੈ। ਕਿੳਂਕਿ ਦੇਸ਼ ਦਾ ਭਵਿੱਖ ਸਕੂਲਾਂ ਦੀਆ ਕਲਾਸਾਂ ਵਿੱਚ ਬੈਠੇ ਵਿਦਿਆਰਥੀ ਹੀ ਹੁੰਦੇ ਹਨ ਜੋ ਅੱਗੇ ਚੱਲ ਕੇ ਰਾਸ਼ਟਰ ਦੇ ਨਿਰਮਾਨ ਵਿੱਚ ਅਹਿਮ ਭੁਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ—“ਸੁਪਨੇ ਦੇਖੋ, ਸਿੱਖੋ, ਮਿਹਨਤ ਕਰੋ, ਸੇਵਾ ਕਰੋ ਅਤੇ ਅਗਵਾਈ ਕਰੋ।” ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਏਕਤਾ, ਦੇਸ਼ਭਗਤੀ ਅਤੇ ਜ਼ਿੰਮੇਵਾਰ ਨਾਗਰਿਕਤਾ ਦੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਸਲ ਤਰੱਕੀ ਸਿਰਫ਼ ਸਰਕਾਰਾਂ ਦੇ ਯਤਨਾਂ ਨਾਲ ਨਹੀਂ, ਸਗੋਂ ਹਰ ਨਾਗਰਿਕ ਵੱਲੋਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਨਾਲ ਸੰਭਵ ਹੈ। ਸਮਾਗਮ ਦੌਰਾਨ ਸਕੂਲ ਦੇ ਮਿਊਜ਼ਿਕ ਅਧਿਆਪਕ ਅਭਿਸ਼ੇਕ ਵੱਲੋਂ ਤਿਆਰ ਕਰਵਾਇਆ ਗਿਆ ਗਰੁੱਪ ਸੌਂਗ ‘ਲਹਿਰਾ ਦੋ’ ਪੇਸ਼ ਕੀਤਾ ਗਿਆ। ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਦੇਸ਼ਭਗਤੀ ਨਾਲ ਭਰਪੂਰ ਕਵਿਤਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਮੈਡਮ ਅਰਸ਼ੀਆ ਵੱਲੋਂ ਤਿਆਰ ਕਰਵਾਏ ਦੇਸ਼ਭਗਤੀ ਗੀਤਾਂ ’ਤੇ ਮਨਮੋਹਕ ਡਾਂਸ ਪੇਸ਼ ਕੀਤਾ। ਇਸੇ ਤਰ੍ਹਾਂ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਮੈਡਮ ਸ਼ਵਾਨੀ ਵੱਲੋਂ ਤਿਆਰ ਕਰਵਾਏ ਗੀਤ ‘ਜੈ ਹਿੰਦ’ ’ਤੇ ਸ਼ਾਨਦਾਰ ਡਾਂਸ ਪੇਸ਼ ਕੀਤਾ। ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੈਡਮ ਤਨੀਸ਼ਾ ਵੱਲੋਂ ਤਿਆਰ ਕਰਵਾਏ ਵੱਖ-ਵੱਖ ਦੇਸ਼ਭਗਤੀ ਗੀਤਾਂ ’ਤੇ ਪ੍ਰਭਾਵਸ਼ਾਲੀ ਕੋਰੀਓਗ੍ਰਾਫੀ ਪੇਸ਼ ਕੀਤੀ। ਮੈਡਮ ਰਦਮ ਦੀ ਅਗਵਾਈ ਹੇਠ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਨਾਚ ਪੇਸ਼ ਕਰਕੇ ‘ਅਨੇਕਤਾ ਵਿੱਚ ਏਕਤਾ’ ਦਾ ਸੰਦੇਸ਼ ਦਿੱਤਾ। ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੈਡਮ ਸੰਪਲ ਵੱਲੋਂ ਤਿਆਰ ਕਰਵਾਇਆ ਦੇਸ਼ਭਗਤੀ ਨੂੰ ਸਮਰਪਿਤ ਡਾਂਸ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਮੈਡਮ ਅਨੀਤਾ ਰਾਣੀ ਵੱਲੋਂ ਤਿਆਰ ਕਰਵਾਇਆ ਸ਼ਾਨਦਾਰ ਪੰਜਾਬੀ ਲੋਕ ਨਾਚ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇ ਭਾਰਤ ਦੇ ਨਿਰਮਾਤਾ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਮੌਜੂਦ ਬੁਰੀਆਂ ਆਦਤਾਂ ਅਤੇ ਨਕਾਰਾਤਮਕ ਵਿਚਾਰਾਂ ਨੂੰ ਦੂਰ ਕਰਕੇ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਵਸ ਆਪਣੇ ਨਾਲ ਵਿਸ਼ੇਸ਼ ਉਤਸ਼ਾਹ ਅਤੇ ਨਵੀਆਂ ਆਸਾਂ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਯੁਵਾ ਸ਼ਕਤੀ ਫਾਰ ਵਿਕਸਿਤ ਭਾਰਤ–2047’ ਦਾ ਥੀਮ ਨੌਜਵਾਨਾਂ ਨੂੰ ਦੇਸ਼ ਦੇ ਭਵਿੱਖ ਨਾਲ ਜੋੜਦਾ ਹੈ ਅਤੇ ਇੱਕ ਨਵੇਂ, ਮਜ਼ਬੂਤ ਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਅਜਿਹੇ ਸਮਾਗਮ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਇਤਿਹਾਸ ਅਤੇ ਆਜ਼ਾਦੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਵਿੱਚ ਦੇਸ਼ ਪ੍ਰਤੀ ਪਿਆਰ, ਜ਼ਿੰਮੇਵਾਰੀ, ਏਕਤਾ ਅਤੇ ਰਾਸ਼ਟਰੀ ਚੇਤਨਾ ਦੀ ਭਾਵਨਾ ਪੈਦਾ ਕਰਨਾ ਵੀ ਹੈ। ਸਮਾਗਮ ਦੇ ਅੰਤ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਚਾਕਲੇਟ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ। ਸਮੁੱਚਾ ਸਮਾਗਮ ਦੇਸ਼ਭਗਤੀ ਦੇ ਜਜ਼ਬੇ, ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਰਾਸ਼ਟਰ ਨਿਰਮਾਣ ਦੇ ਸੰਦੇਸ਼ ਨਾਲ ਭਰਪੂਰ ਰਿਹਾ।