Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਵਿਦਿਆਰਥੀਆਂ ਲਈ ਸ਼ਖ਼ਸੀਅਤ ਵਿਕਾਸ, ਵਿੱਤੀ ਸਾਖਰਤਾ ਅਤੇ ਕਰੀਅਰ ਮਾਰਗਦਰਸ਼ਨ ਸੈਮੀਨਾਰ ਦਾ ਆਯੋਜਨ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਸ਼ਖ਼ਸੀਅਤ ਵਿਕਾਸ, ਵਿੱਤੀ ਸਾਖਰਤਾ  ਅਤੇ ਕਰੀਅਰ ਮਾਰਗਦਰਸ਼ਨ ਵਿਸ਼ੇ ‘ਤੇ ਇੱਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਚਿਤਕਾਰਾ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸੰਜੀਵ ਸਾਹਨੀ ਆਪਣੇ ਸਹਿਯੋਗੀ ਸ਼੍ਰੀ ਸੁਨੀਲ ਕੁਮਾਰ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਆਪਣੇ ਅਨੁਭਵ ਸਾਂਝੇ ਕੀਤੇ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸਕੂਲ ਦੇ ਸੀ.ਈ.ਓ. ਰਾਹੁਲ ਛਾਬੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਮੰਚ ਤੇ ਆਉਣ ਲਈ ਸੱਦਾ ਦਿੱਤਾ। ਸੈਮੀਨਾਰ ਦੌਰਾਨ ਸ਼੍ਰੀ ਸੰਜੀਵ ਸਾਹਨੀ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਵੱਡੇ ਸੁਪਨੇ ਦੇਖਣ, ਉਨ੍ਹਾਂ ਨੂੰ ਸਾਕਾਰ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਮਿਹਨਤ ਕਰਨ ਅਤੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਫਲਤਾ ਕਿਸੇ ਸ਼ਾਰਟਕੱਟ ਨਾਲ ਨਹੀਂ ਮਿਲਦੀ, ਸਗੋਂ ਲਗਾਤਾਰ ਮਿਹਨਤ, ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਸਕਾਰਾਤਮਕ ਸੋਚ ਨਾਲ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਵਿਅਕਤੀਤਵ ਨੂੰ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਅਤੇ ਪ੍ਰਭਾਵਸ਼ਾਲੀ ਸੰਚਾਰ ਕੌਸ਼ਲ ਵਿਕਸਿਤ ਕਰਨ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ। ਵਿੱਤੀ ਸਾਖਰਤਾ ਸਬੰਧੀ ਗੱਲ ਕਰਦਿਆਂ ਸ਼੍ਰੀ ਸਾਹਨੀ ਨੇ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਪੈਸੇ ਦੀ ਸਹੀ ਯੋਜਨਾ ਬਣਾਉਣ, ਬੱਚਤ ਕਰਨ, ਸਮਝਦਾਰੀ ਨਾਲ ਖਰਚ ਕਰਨ ਅਤੇ ਭਵਿੱਖ ਲਈ ਆਰਥਿਕ ਤੌਰ ‘ਤੇ ਮਜ਼ਬੂਤ ਬਣਨ ਦੇ ਸੁਨਹਿਰੀ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੜ੍ਹਾਈ ਦੇ ਨਾਲ-ਨਾਲ ਵਿੱਤੀ ਜਾਣਕਾਰੀ ਹੋਣਾ ਵੀ ਉਤਨਾ ਹੀ ਜ਼ਰੂਰੀ ਹੈ, ਕਿਉਂਕਿ ਇਹ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਫ਼ੈਸਲੇ ਲੈਣ ਦੇ ਯੋਗ ਬਣਾਉਂਦੀ ਹੈ। ਪੈਸਾ ਕਮਾਉਣ ਲਈ ਕੋਈ ਨਾ ੋਕਈ ਹੁਨਰ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ ਤਾ ਉਹਨਾਂ ਨੇ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੰਦਰ ਕੋਈ ਨਾ ਕੋਈ ਹੁਨਰ ਪੈਦਾ ਕਰਨ ਤੇ ਉਸ ਹੁਨਰ ਦੇ ਦਮ ਤੇ ਕੋਈ ਨਾ ਕੋਈ ਸਮਾਜ ਦੀ ਸਮੱਸਿਆ ਹੱਲ ਕਰਨ ਬਾਰੇ ਸੋਚਣ ਤਾਂ ਜੋ ਉਹਨਾਂ ਨੂੰ ਨਵਾਂ ਸਟਾਰਟਅੱਪ ਖੜਾ ਕਰਨ ਦਾ ਅਇਡੀਆ ਮਿਲ ਸਕੇ। ਕਿਉਂਕਿ ਜਿ੍ਹਨੇ ਵੀ ਨਵੇਂ ਬਿਜ਼ਨਸ ਮਾਰਕਿਤ ਵਿੱਚ ਆ ਰਹੇ ਹਨ ਉਹ ਕਿਸੇ ਨਾ ਕਿਸੇ ਸਮੱਸਿਆ ਦਾ ਹੱਲ ਹੀ ਲੈ ਕੇ ਆ ਰਹੇ ਹਨ। ਜਿਵੇਂ ਕਿ ਅੱਜ ਕਿਸੇ ਵੀ ਜਗਾ੍ਹ ਤੋਂ ਸਮਾਨ ਮੰਗਵਾਉਣਾ, ਟੈਕਸੀ ਬੁੱਕ ਕਰਨੀ ਬਹੁਤ ਸੌਖੀ ਹੋ ਗਈ ਹੈ। ਇਸਹ ਵੀ ਕਿਸੇ ਨੇ ਸੋਚਿਆ ਸੀ ਤਾਂ ਹੀ ਇਹ ਅੱਜ ਵੱਡੇ ਬਿਜ਼ਨਸ ਵਿੱਚ ਤਬਦੀਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਜਮਾਤ ਬਾਰ੍ਹਵੀਂ ਤੋਂ ਬਾਅਦ ਆਰਟਸ, ਕਾਮਰਸ ਅਤੇ ਸਾਇੰਸ ਸਟ੍ਰੀਮਾਂ ਵਿੱਚ ਉਪਲਬਧ ਉੱਚ ਸਿੱਖਿਆ ਅਤੇ ਰੁਜ਼ਗਾਰ ਦੇ ਵਿਭਿੰਨ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਅਨੁਸਾਰ ਸਹੀ ਕਰੀਅਰ ਦੀ ਚੋਣ ਕਰਨ ਲਈ ਮਾਰਗਦਰਸ਼ਨ ਵੀ ਕੀਤਾ। ਵਿਦਿਆਰਥੀਆਂ ਨੇ ਇਸ ਇੰਟਰਐਕਟਿਵ ਸੈਸ਼ਨ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਭਵਿੱਖ ਸਬੰਧੀ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੋਵੇਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ‘ਤੇ ਅਜਿਹੇ ਪ੍ਰੇਰਣਾਦਾਇਕ ਸੈਮੀਨਾਰ, ਵਰਕਸ਼ਾਪਾਂ ਅਤੇ ਕਰੀਅਰ ਮਾਰਗਦਰਸ਼ਨ ਪ੍ਰੋਗਰਾਮ ਆਯੋਜਿਤ ਕਰਦਾ ਰਹਿੰਦਾ ਹੈ, ਤਾਂ ਜੋ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ। ਸਮਾਗਮ ਦੇ ਅੰਤ ਵਿੱਚ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸ਼੍ਰੀ ਸੰਜੀਵ ਸਾਹਨੀ ਅਤੇ ਸ਼੍ਰੀ ਸੁਨੀਲ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਸੈਸ਼ਨ ਨੂੰ ਬਹੁਤ ਹੀ ਲਾਹੇਵੰਦ ਅਤੇ ਪ੍ਰੇਰਣਾਦਾਇਕ ਦੱਸਦਿਆਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦੀ ਇੱਛਾ ਜ਼ਾਹਰ ਕੀਤੀ।