Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ‘ਯੂਨੀਵਰਸਲ ਹੈਲਥ ਕਵਰੇਜ ਡੇ’ ਮੌਕੇ ਵਿਸ਼ੇਸ਼ ਚਰਚਾ ਕੀਤੀ ਗਈ

ਚੰਗੀ ਸਿਹਤ ਪ੍ਰਣਾਲੀ ਦੇ ਘੇਰੇ ਵਿੱਚ ਹੀ ਨੌਜਵਾਨ ਦੇਸ਼ ਦੀ ਤਰੱਕੀ ਵਿੱਚ ਸ਼ਤ ਪ੍ਰਤੀਸ਼ਤ ਯੋਗਦਾਨ ਦੇ ਸਕਦੇ ਹਨ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ‘ਯੂਨੀਵਰਸਲ ਹੈਲਥ ਕਵਰੇਜ ਡੇ’ ਮੌਕੇ ਵਿਸ਼ੇਸ਼ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ਚਾਰਟ ਅਤੇ ਅਰਟੀਕਲ ਰਾਹੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 12 ਦਸੰਬਰ 2012 ਨੂੰ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਇੱਕ ਮਤੇ ਦਾ ਸਮਰਥਨ ਕੀਤਾ ਜਿਸ ਵਿੱਚ ਦੇਸ਼ਾਂ ਨੂੰ ਯੂਨੀਵਰਸਲ ਹੈਲਥ ਕਵਰੇਜ (ਯੂ.ਐੱਚ.ਸੀ.) ਵੱਲ ਤਰੱਕੀ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਗਈ। ਇਸ ਵਿੱਚ ਇਹ ਵਿਚਾਰ ਰੱਖਿਆ ਕਿ ਹਰ ਕਿਸੇ ਨੂੰ, ਹਰ ਜਗ੍ਹਾ ਉੱਪਰ ਗੁਣਵੱਤਾ ਨਾਲ ਭਰਪੂਰ ਕਿਫਾਇਤੀ ਸਿਹਤ ਦੇਖਭਾਲ ਪ੍ਰਾਪਤ ਹੋਣੀ ਚਾਹੀਦੀ ਹੈ। 12 ਦਸੰਬਰ 2017 ਨੂੰ, ਸੰਯੁਕਤ ਰਾਸ਼ਟਰ ਨੇ ਮਤਾ ਨੰਬਰ 72/138 ਦੁਆਰਾ 12 ਦਸੰਬਰ ਨੂੰ ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ (ਯੂ.ਐੱਚ.ਸੀ. ਦਿਵਸ) ਵਜੋਂ ਘੋਸ਼ਿਤ ਕੀਤਾ। ਅੰਤਰਰਾਸ਼ਟਰੀ ਯੂਨੀਵਰਸਲ ਹੈਲਥ ਕਵਰੇਜ ਦਿਵਸ ਦਾ ਉਦੇਸ਼ ਮਲਟੀ-ਸਟੇਕਹੋਲਡਰ ਸਾਥੀਆਂ ਦੇ ਸਹਿਯੋਗ ਨਾਲ ਮਜ਼ਬੂਤ ਅਤੇ ਲਚਕੀਲੀ ਸਿਹਤ ਪ੍ਰਣਾਲੀ ਅਤੇ ਯੂਨੀਵਰਸਲ ਹੈਲਥ ਕਵਰੇਜ ਦੀ ਲੋੜ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਹਰ ਸਾਲ 12 ਦਸੰਬਰ ਨੂੰ, ਯੂ.ਐੱਚ.ਸੀ. ਸਮਰਥਕ ਲੱਖਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਆਪਣੀ ਆਵਾਜ਼ ਉਠਾਉਂਦੇ ਹਨ ਜੋ ਅਜੇ ਵੀ ਉੱਚ ਦਰਜੇ ਦੀਆਂ ਸਿਹਤ ਸੁਵੀਧਾਵਾਂ ਦੀ ਉਡੀਕ ਕਰ ਰਹੇ ਹਨ। ਸਮਰਥਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਹੁਣ ਤੱਕ ਜੋ ਪ੍ਰਾਪਤ ਕੀਤਾ ਹੈ ਉਸ ਲਈ ਸਿਹਤ ਦੇ ਖੇਤਰ ਵਿੱਚ ਵੱਡੇ ਅਤੇ ਚੁਸਤ ਨਿਵੇਸ਼ ਕਰਨ ਲਈ ਲੀਡਰਾਂ ਨੂੰ ਸੱਦਾ ਦਿੰਦੇ ਹਨ, ਅਤੇ 2030 ਤੱਕ ਵਿਸ਼ਵ ਨੂੰ ਯੂ.ਐੱਚ.ਸੀ. ਦੇ ਟੀਚੇ ਨੇੜੇ ਲਿਜਾਣ ਵਿੱਚ ਮਦਦ ਕਰਨ ਲਈ ਵੱਖ-ਵੱਖ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੇ ਸਾਨੂੰ ਦੁਬਾਰਾ ਦਿਖਾਇਆ ਹੈ ਕਿ ਯੂਨੀਵਰਸਲ ਹੈਲਥ ਕਵਰੇਜ ਅਤੇ ਸਿਹਤ ਸੁਰੱਖਿਆ ਸਾਂਝੇ ਟੀਚੇ ਹੋਣੇ ਚਾਹੀਦੇ ਹਨ ਜੋ ਹਰ ਕਿਸੇ ਨੂੰ, ਹਰ ਜਗ੍ਹਾ ਤੇ ਇੱਕੋ ਸਿਹਤ ਪ੍ਰਣਾਲੀ ਦੁਆਰਾ ਪ੍ਰਾਪਤ ਹੋਣ ਚਾਹੇ ਉਹ ਸ਼ਾਂਤੀ ਦਾ ਸਮਾਂ ਹੋਵੇ ਜਾਂ ਸੰਕਟ ਦਾ। ਸਿਹਤ ਪ੍ਰਣਾਲੀਆਂ ਨੂੰ ਹਰੇਕ ਲਈ ਕੰਮ ਕਰਨਾ ਚਾਹੀਦਾ ਹੈ ਬਿਨਾਂ ਵਿਤਕਰੇ ਤੋਂ ਕਿ ਉਹ ਕੌਣ ਹਨ, ਉਹ ਕਿੱਥੇ ਰਹਿੰਦੇ ਹਨ, ਜਾਂ ਉਹਨਾਂ ਕੋਲ ਕਿੰਨਾ ਪੈਸਾ ਹੈ। ਔਰਤਾਂ, ਬੱਚਿਆਂ, ਕਿਸ਼ੋਰਾਂ, ਅਤੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਯੂਨੀਵਰਸਲ ਹੈਲਥ ਕਵਰੇਜ ਪਹਿਲ ਦਿੰਦੀ ਹੈ ਕਿਉਂਕਿ ਉਨ੍ਹਾਂ ਨੂੰ ਜ਼ਰੂਰੀ ਦੇਖਭਾਲ ਲਈ ਸਭ ਤੋਂ ਵੱਧ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 12 ਦਸੰਬਰ ਨੂੰ, ਯੂਨੀਵਰਸਲ ਹੈਲਥ ਕਵਰੇਜ ਦੇ ਟੀਚੇ ਦੀ ਰਾਹ ਤੇ ਅੱਗੇ ਵਧਣ ਲਈ ਸਾਨੂੰ ਇੱਕ ਹੋਣਾ ਚਾਹੀਦਾ ਹੈ ਅਤੇ ਲੀਡਰਾਂ ਨੂੰ ਸਿਹਤ ਪ੍ਰਣਾਲੀਆਂ ਅਤੇ ਪ੍ਰਾਇਮਰੀ ਹੈਲਥਕੇਅਰ ਵਿੱਚ ਨਿਵੇਸ਼ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਕਿਉਂਕਿ ਹਰ ਮਨੁੱਖ ਦਾ ਜੀਵਨ, ਉਸਦੀ ਉਪਜੀਵਕਾ ਅਤੇ ਭਵਿੱਖ ਚੰਗੀ ਸਿਹਤ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿਸੇ ਵੀ ਮੁਲਕ ਦੀ ਤਰੱਕੀ ਉਸਦੀ ਅਵਾਮ ਦੀ ਸਿਹਤ ਤੇ ਨਿਰਭਰ ਕਰਦੀ ਹੈ। ਭਾਰਤ ਵਿੱਚ ਅਬਾਦੀ ਦਾ ਵੱਡਾ ਹਿੱਸਾ ਨੌਜਵਾਨਾਂ ਦਾ ਹੈ ਇਸ ਲਈ ਇੱਕ ਚੰਗੀ ਸਿਹਤ ਪ੍ਰਣਾਲੀ ਦੀ ਵੱਡੀ ਲੋੜ ਹੈ। ਇੱਕ ਚੰਗੀ ਸਿਹਤ ਪ੍ਰਣਾਲੀ ਦੇ ਘੇਰੇ ਵਿੱਚ ਰਹਿ ਕਿ ਹੀ ਨੌਜਵਾਨ ਦੇਸ਼ ਦੀ ਤਰੱਕੀ ਵਿੱਚ ਆਪਣਾ ਸ਼ਤ ਪ੍ਰਤੀਸ਼ਤ ਯੋਗਦਾਨ ਦੇ ਸਕਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਯੂਨੀਵਰਸਲ ਹੈਲਥ ਕਵਰੇਜ ਅਤੇ ਸਿਹਤ ਸੁਰੱਖਿਆ ਦੇ ਹੱਕ ਵਿੱਚ ਮਿਲ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.