Latest News & Updates

‘ਬਲਪ੍ਰੀਤ ਚੈਰੀਟੇਬਲ ਟਰੱਸਟ’ ਦੇ ਸਹਿਯੋਗ ਨਾਲ 15 ਅਗਸਤ ਮੌਕੇ ਡੀ.ਸੀ. ਮੋਗਾ ਨੇ ਲੋੜਵੰਦ ਬੱਚੀਆਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

‘ਬਲਪ੍ਰੀਤ ਚੈਰੀਟੇਬਲ ਟਰੱਸਟ’ ਦੇ ਸੰਸਥਾਪਕ ਸ੍ਰ: ਨੱਛਤਰ ਸਿੰਘ ਕੂਨਰ ਵੱਲੋਂ ਆਪਣੇ ਜੱਦੀ ਪਿੰਡ ‘ਬੁੱਟਰ’ ਦੇ ਲੋੜਵੰਦ ਲੜਕੇ-ਲੜਕੀਆਂ ਦੀ ਸਹਾਇਤਾ, ਉਹਨਾਂ ਦੀ ਪੜਾਈ ਲਿਖਾਈ ਅਤੇ ਇੱਕ ਚੰਗੇ ਭਵਿੱਖ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਦੇ ਤਹਿਤ 15 ਅਗਸਤ ਨੂੰ ਦੇਸ਼ ਦੇ 75ਵੇਂ ਸੁਤੰਤਰਤਾ ਦਿਹਾੜੇ ਤੇ ਡੀ.ਸੀ. ਕੰਪਲੈਕਸ ਮੋਗਾ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ, ਮੋਗਾ ਵੱਲੋਂ ਪਿੰਡ ਬੁੱਟਰ ਤੋਂ ਚੁਣੀਆਂ ਗਈਆਂ ਲੋੜਵੰਦ ਬੱਚੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਸੰਸਥਾ ਦੇ ਮੁੱਖ ਮੈਂਬਰ ਅਤੇ ਅਹੁਦੇਦਾਰ ਜਿਵੇਂ ਕਿ ਮਾਨਯੋਗ ਡਿਪਟੀ ਕਮਿਸ਼ਨਰ, ਮੋਗਾ, ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਮੋਗਾ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਬਿਜ਼ਨਸਮੈਨ ਸ੍ਰ: ਇੰਦਰਪਾਲ ਸਿੰਘ ਬੱਬੀ ਜੀ ਵੀ ਹਨ।
ਐੱਨ.ਆਰ.ਆਈ. ਸ੍ਰ: ਨੱਛਤਰ ਸਿੰਘ ਕੂਨਰ ਜੋ ਕਿ ਕੈਨੇਡਾ ਦੇ ਸਰ੍ਹੀ ਵਿਖੇ ਇੱਕ ਉੱਘੇ ਵਪਾਰੀ ਅਤੇ ਨਾਮਵਰ ਹਸਤੀ ਹਨ, ਹਰ ਸਾਲ ਭਾਰਤ ਆਉਂਦੇ ਹਨ ਅਤੇ ਉਹਨਾਂ ਦੀ ਰਹਿਨੁਮਾਈ ਹੇਠਾਂ ਟਰੱਸਟ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਪਰ ਇਸ ਸਾਲ ਕੋਵਿਡ-19 ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਹਨਾਂ ਦਾ ਭਾਰਤ ਆਉਣਾ ਮੁਮਕਿਨ ਨਾ ਹੋ ਸਕਿਆ ਤਾਂ ਉਹਨਾਂ ਵੱਲੋਂ ਪੰਜਾਬ ਵੱਸਦੇ ਟਰੱਸਟ ਦੇ ਮੈਂਬਰਾਂ ਨੂੰ ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਸੀ ਤੇ 15 ਅਗਸਤ ਨੂੰ ਦੇਸ਼ ਦੇ 75ਵੇਂ ਸੁਤੰਤਰਤਾ ਦਿਹਾੜੇ ਤੇ ਇਸ ਉਪਰਾਲੇ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਰਿੰਪਾ ਬੁੱਟਰ, ਸੰਜੀਵ ਕੁਮਾਰ ਸੈਣੀ, ਡੀ.ਸੀ. ਮੋਗਾ ਹਾਜ਼ਿਰ ਸਨ।
ਸਹਾਇਤਾ ਰਾਸ਼ੀ ਦਾ ਚੈੱਕ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਬੱਚੀਆਂ ਵਿੱਚੋਂ ਰਾਜਦੀਪ ਕੌਰ ਨੂੰ 45000/-, ਰਮਨਦੀਪ ਕੌਰ ਨੂੰ 24000/-, ਮਨਦੀਪ ਕੌਰ ਨੂੰ 20000/- ਅਤੇ ਕੁਲਜਤਿ ਕੌਰ ਨੂੰ 15000/- ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਉਹਨਾਂ ਨੇ ਆਪਣੇ ਹਲਾਤਾਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਇੱਕ ਤਾਂ ਗਰੀਬੀ ਅਤੇ ਉੱਪਰੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਹਨਾਂ ਨੂੰ ਆਪਣਾ ਭਵਿੱਖ ਹਨੇ੍ਹਰੇ ਵਿੱਚ ਡੁੱਬਦਾ ਨਜ਼ਰ ਆ ਰਿਹਾ ਸੀ, ਪਰ ‘ਬਲਪ੍ਰੀਤ ਚੈਰੀਟੇਬਲ ਟਰੱਸਟ’ ਅਤੇ ਸ੍ਰ: ਨੱਛਤਰ ਸਿੰਘ ਕੂਨਰ ਦੇ ਇਸ ਉਪਰਾਲੇ ਸਦਕਾ ਉਹਨਾਂ ਦੇ ਜੀਵਨ ਵਿੱਚ ਆਸ ਦਾ ਇੱਕ ਨਵਾਂ ਸੂਰਜ ਚੜਿਆ ਹੈ। ਬੱਚੀਆਂ ਨੇ ਆਪਣੇ ਦੁੱਖ ਅਤੇ ਖੁਸ਼ੀ ਦੋਹਾਂ ਨਾਲ ਭਾਰੀ ਹੋਏ ਸ਼ਬਦਾਂ ਵਿੱਚ ‘ਬਲਪ੍ਰੀਤ ਚੈਰੀਟੇਬਲ ਟਰੱਸਟ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰ: ਨੱਛਤਰ ਸਿੰਘ ਕੂਨਰ ਵਰਗੇ ਇਨਸਾਨਾਂ ਅਤੇ ਉਹਨਾਂ ਦੁਆਰਾ ਕੀਤੇ ਜਾਂਦੇ ਇਹੋ ਜਿਹੇ ਉਪਰਾਲਿਆਂ ਸਦਕਾ ਹਰ ਗਰੀਬ ਅਤੇ ਲੋੜਵੰਦ ਇਨਸਾਨ ਦਾ ਇਸ ਧਰਤੀ ਉੱਤੇ ਪ੍ਰਮਾਤਮਾ ਦੀ ਹੋਂਦ ਪ੍ਰਤੀ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹੈ।

Comments are closed.