Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਇੰਟਰਨੈਸ਼ਨਲ ਵੂਮਨ ਡੇ

ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਗਿਆ। ਜਿਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੁੰਦਰ ਚਾਰਟ, ਕਵਿਤਾਵਾਂ, ਆਰਟੀਕਲ ਆਦਿ ਪੇਸ਼ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਕਿਸੇ ਇੱਕ ਦੇਸ਼, ਸਮੂਹ ਜਾਂ ਸੰਗਠਨ ਨਾਲ ਜੁੜਿਆ ਨਹੀਂ ਹੈ। ਇਹ ਦਿਨ ਦੁਨੀਆ ਭਰ ਦੀਆਂ ਸਾਰੀਆਂ ਔਰਤਾਂ ਨੂੰ ਸਮਰਪਿਤ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲਿੰਗਕ ਪੱਖਪਾਤ ਅਤੇ ਵਿਤਕਰੇ ਨੂੰ ਦੂਰ ਕਰਨ ਲਈ ਜਾਗਰੂਕ ਕਰਨਾ ਹੈ। ਕਿਉਂਕਿ ਜਿਸ ਸਮਾਜ ਵਿੱਚ ਅਸੀਂ ਅੱਜ ਰਹਿ ਰਹੇ ਹਾਂ ਉਸ ਵਿੱਚ ਮਹਿਲਾਵਾਂ ਨੂੰ ਅਜੇ ਵੀ ਕਈ ਥਾਵਾਂ ਤੇ ਬਣਦਾ ਸਨਮਾਨ ਤੇ ਅਧਿਕਾਰ ਨਹੀਂ ਮਿਲ ਪਾ ਰਹੇ। ਸਾਡੇ ਲਈ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਪਛਾਣਨਾ, ਮਨਾਉਣਾ ਅਤੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਹ ਦਿਨ ਹਰ ਸਾਲ 8 ਮਾਰਚ ਨੂੰ ਇਸਤਰੀਆਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਇਸਤਰੀਆਂ ਅਜਿਹੀਆਂ ਵੀ ਹਨ ਜੋ ਘਰ ਦੀ ਜਿੰਮੇਵਾਰੀ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਵੀ ਦੇਸ਼ ਦੀ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਚਾਹੇ ਉਹ ਪੜਾਈ ਦੇ ਖੇਤਰ ਵਿੱਚ ਹੋਵੇ, ਖੇਡਾਂ ਵਿੱਚ, ਰਾਜਨੀਤੀ ਜਾਂ ਹੋਰ ਕਿਸੇ ਵੀ ਖੇਤਰ ਵਿੱਚ ਹੋਣ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਇਸ ਵਿਸ਼ੇਸ਼ ਦਿਨ ਉੱਤੇ ਸਾਰੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਵਿਸ਼ੇਸ਼ ਦਿਨ ਅਲੱਗ-ਅਲੱਗ ਖੇਤਰਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਸਨਮਾਨ ਕਰਨ ਅਤੇ ਉਹਨਾਂ ਦੀਆਂ ਉਪਲੱਬਧੀਆਂ ਦਾ ਉਤਸਵ ਮਨਾਉਣ ਦਾ ਦਿਨ ਹੈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਮਹਿਲਾ ਦਿਵਸ ਦੀ ਵਧਾਈ ਦਿਦਿੰਆਂ ਕਿਹਾ ਕਿ ਸਮਾਜ ਵਿੱਚ ਔਰਤ ਦਾ ਦਰਜਾ ਬਹੁਤ ਉੱਚਾ ਹੈ ਕਿ ਜੇਕਰ ਇੱਕ ਬੱਚਾ (ਲੜਕਾ) ਪੜਾਇਆ ਜਾਂਦਾ ਹੈ ਤਾਂ ਇੱਕ ਪਰਿਵਾਰ ਹੀ ਪੜ੍ਹਦਾ ਹੈ ਪਰ ਜੇਕਰ ਇੱਕ ਲੜਕੀ ਨੂੰ ਪੜਾਇਆ ਜਾਂਦਾ ਹੈ ਤਾਂ ਉਸਦੀ ਪੂਰੀ ਪੀੜੀ ਹੀ ਪੜੀ ਲਿਖੀ ਤੇ ਸੂਝਵਾਨ ਹੁੰਦੀ ਹੈ। ਉਹਨਾਂ ਨਾਰੀ ਸ਼ਕਤੀ ਨੁੰ ਤਿਆਗ ਦੀ ਮੂਰਤ ਦੱਸਿਆ। ਉਹਨਾਂ ਖਾਸ ਤੌਰ ਤੇ ਕਿਹਾ ਕਿ ਮਹਿਲਾਵਾਂ ਵੀ ਕਿਸੇ ਕੰਮ ਵਿੱਚ ਪਿੱਛੇ ਨਹੀਂ ਹੈ ਮਹਿਲਾਵਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਦਾ ਹੱਕ ਤੇ ਮਾਣ-ਸਨਮਾਣ ਮਿਲਣਾ ਚਾਹੀਦਾ ਹੈ। ਉਹਨਾਂ ਔਰਤ ਦੀ ਮਹਾਨਤਾ ਤੇ ਝਾਤ ਮਰਵਾਈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤ ਨੂੰ ਉੱਚਾ ਦਰਜਾ ਦਿੱਤਾ ਹੈ। ਤਾਂ ਹੀ ਗੁਰਬਾਣੀ ਵਿੱਚ ਵੀ ਉਚਾਰਿਆ ਗਿਆ ਹੈ ਕਿ ‘ਸੋ ਕਿਉਂ ਮੰਦਾ ਆਖੀਏ ਜਿਤੁ ਜੰਮੈ ਰਾਜਾਨ’। ਜਿਸ ਦਾ ਮਤਲਬ ਇਹ ਹੀ ਹੈ ਕਿ ਜਿਸ ਮਾਂ ਨੇ ਵੱਡੇ-ਵੱਡੇ ਰਾਜੇ ਮਹਾਰਾਜੇ, ਸ਼ੂਰਵੀਰ ਯੋਧੇ ਇਸ ਦੁਨੀਆਂ ਵਿੱਚ ਪੈਦਾ ਕੀਤੇ ਹਨ, ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਬਰਾਬਰ ਦਾ ਸਨਮਾਨ ਤੇ ਇੱਜਤ ਦੇਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਨੇ ਵਿਦਿਆਰਥੀਆ ਨੂੰ ਇਸ ਦਿਨ ਦੇ ਸੰਬੰਧ ਵਿੱਚ ਆਪੋ-ਆਪਣੇ ਵਿਚਾਰ ਪੇਸ਼ ਕੀਤੇ।

Comments are closed.