Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਮਨਾਇਆ ਗਿਆ ‘ਨੈਸ਼ਨਲ ਗਰਲ ਚਾਈਲਡ ਡੇ’

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ “ਨੈਸ਼ਨਲ ਗਰਲ ਚਾਈਲਡ ਡੇ” ਮਨਾਇਆ ਗਿਆ। ਇਸ ਮੋਕੇ ਸਕੂਲ ਸਟਾਫ ਦੁਆਰਾ ਇਸ ਦਿਹਾੜੇ ਨਾਲ ਸਬੰਧਿਤ ਚਾਰਟ ਤੇ ਆਰਟੀਕਲ ਆਦਿ ਪੇਸ਼ ਕੀਤੇ ਗਏ। ਕਰੋਨਾ ਮਹਾਂਮਾਰੀ ਕਾਰਨ, ਪੰਜਾਬ ਸਰਕਾਰ ਦੇ ਅਦੇਸ਼ਾਂ ਅਧੀਨ ਵਿਦਿਆਰਥੀ ਸਕੂਲ ਵਿੱਚ ਨਹੀਂ ਆ ਰਹੇ ਹਨ ਅਤੇ ਆਨਲਾਈਨ ਕਲਾਸਾਂ ਰਾਹੀਂ ਹੀ ਵਿਦਿਆਰਥੀਆਂ ਨੂੰ ਪੜਾਈ ਕਰਵਾਈ ਜਾ ਰਹੀ ਹੈ, ਇਸ ਲਈ ਵਿਦਿਆਰਥੀਆਂ ਵੱਲੋਂ “ਨੈਸ਼ਨਲ ਗਰਲ ਚਾਈਲਡ ਡੇ” ਨਾਲ ਸਬੰਧਿਤ ਆਪਣੀਆਂ ਕਾਰਗੁਜ਼ਾਰੀਆਂ ਆਨਲਾਈਨ ਕਲਾਸ ਰਾਹੀਂ ਹੀ ਪੇਸ਼ ਕੀਤੀਆਂ ਗਈਆਂ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਸਟਾਫ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇੱਕ ਚੰਗੇ ਸਮਾਜ ਦੀ ਉਸਾਰੀ ਲਈ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਪਰ ਪੁਰਾਣੇ ਸਮਾਜ ਦੀ ਰੂੜੀਵਾਦੀ ਸੋਚ ਸਦਕਾ ਇੱਕ ਲੜਕੀ ਦੇ ਜਨਮ ਨੂੰ ਬੁਰਾ ਮੰਨਿਆ ਜਾਂਦਾ ਸੀ ਜਿਸ ਕਾਰਨ ਲੱਖਾਂ ਬੱਚੀਆਂ ਭਰੂਣ ਹੱਤਿਆ ਦੀ ਬਲੀ ਚੜ੍ਹ ਗਈਆਂ। ਉਹਨਾਂ ਅੱਗੇ ਕਿਹਾ ਕਿ ਹੁਣ ਚਾਰੇ ਪਾਸੇ ਵਿੱਦਿਆ ਦੇ ਫੈਲਣ ਨਾਲ ਸਮਾਜ ਵਿੱਚ ਨਵੀਂ ਚੇਤਨਾ ਆਈ ਹੈ, ਲੋਕ ਹੁਣ ਇਸ ਗੱਲ ਤੋਂ ਜਾਣੂ ਹੋ ਰਹੇ ਹਨ ਕਿ ਲੜਕਾ ਜਾਂ ਲੜਕੀ ਦੋਨੋ ਹੀ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਜਰੂਰੀ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਵੀ ਬੱਚੀਆਂ ਦੇ ਹੱਕਾਂ ਲਈ ਕਈ ਉਪਰਾਲੇ ਕਰ ਰਹੀ ਹੈ। ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ 2008 ਵਿੱਚ 24 ਜਨਵਰੀ ਨੂੰ “ਨੈਸ਼ਨਲ ਗਰਲ ਚਾਈਲਡ ਡੇ” ਦੇ ਤੌਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਭਾਰਤ ਸਰਕਾਰ ਦੁਆਰਾ ਇਹ ਫੈਸਲਾ ਬੱਚੀਆਂ ਨੂੰ ਭਰੂਣ ਹੱਤਿਆਂ ਤੋਂ ਬਚਾਉਣ ਲਈ, ਬੱਚੀਆਂ ਲਈ ਇੱਕ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਪੈਦਾ ਕਰਨ ਲਈ ਅਤੇ ਲੋਕਾਂ ਨੂੰ ਬੱਚੀਆਂ ਦੀ ਭਰੂਣ ਹੱਤਿਆ ਵਿਰੁੱਧ ਜਾਗਰੁਕ ਕਰਨ ਲਈ ਇਹ ਮੁਹਿੰਮ ਚਲਾਈ ਗਈ ਸੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Comments are closed.