ਫੈਪ ਨੈਸ਼ਨਲ ਐਵਾਰਡ ਦੇ ਦੂਸਰੇ ਦਿਨ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ ਤੌਰ ਤੇ ਕੀਤੀ ਸ਼ਿਰਕਤ
ਗੌਰਤਲਬ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਅਨਏਡਿਡ ਸਕੂਲਜ਼ ਅਤੇ ਐਸੋਸ਼ੀਏਸ਼ਨ ਆਫ ਪੰਜਾਬ ਲਗਾਤਾਰ ਉਪਰਾਲੇ ਕਰ ਰਹੀ ਹੈ। ਫੈਡਰੇਸ਼ਨ ਦੀ ਇਹ ਸੋਚ ਹੈ ਕਿ ਹਰ ਇੱਕ ਉਹ ਇਨਸਾਨ ਜੋ ਪ੍ਰਾਈਵੇਟ ਅਦਾਰਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਉਸਦੇ ਯੋਗਦਾਨ ਨੂੰ ਸਮਾਜ ਵਿੱਚ ਪਹਿਚਾਨ ਮਿਲੇ। ਇਸ ਲੜੀ ਤਹਿਤ ਫੈਪ ਨੈਸ਼ਨਲ ਐਵਾਰਡ ਦੇ ਦੂਜੇ ਦਿਨ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਹੋ ਰਹੇ ਹਨ, ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਹਾਜ਼ਰ ਹੋਏ। ਉਹਨਾਂ ਦੇ ਨਾਲ ਪੰਜਾਬੀ ਫਿਲਮਾਂ ਦੇ ਅਦਾਕਾਰ ਤੇ ਕਮੇਡੀ ਕਿੰਗ ਵਜੋਂ ਜਾਣੇ ਜਾਂਦੇ ਗੁਰਪ੍ਰੀਤ ਸਿੰਘ ਘੁੱਗੀ ਵੀ ਉਚੇਚੇ ਤੌਰ ਤੇ ਪੁੱਜੇ। ਸਭ ਤੋਂ ਪਹਿਲਾਂ ਮਿੱਥੇ ਸਮੇਂ ਅਨੁਸਾਰ ਮੁੱਖ ਮੰਤਰੀ ਸਾਹਿਬ ਪੁੱਜੇ ਅਤੇ ਉਹਨਾਂ ਦਾ ਸਵਾਗਤ ਫੈਡਰੇਸ਼ਨ ਪ੍ਰਧਾਨ ਡਾ. ਜਗਜੀਤ ਸਿੰਘ ਜੀ ਧੂਰੀ, ਚਾਂਸਲਰ ਚੰਡੀਗੜ ਯੂਨੀਵਰਸਿਟੀ ਸ੍ਰ: ਸਤਨਾਮ ਸਿੰਘ ਜੀ ਸੰਧੂ, ਕਨਵੀਨਰ ਪੰਜਾਬ ਸੰਜੀਵ ਕੁਮਾਰ ਸੈਣੀ ਤੇ ਸਮੁੱਚੀ ਕੋਰ ਕਮੇਟੀ ਵੱਲੋਂ ਕੀਤਾ ਗਿਆ। ਉਹਨਾਂ ਦੇ ਪਹੁੰਚਣ ਤੇ ਚੰਡੀਗੜ ਯੂਨੀਵਰਸਿਟੀ ਦੇ ਬੱਚਿਆਂ ਨੇ ਬੈਂਡ, ਐਨ.ਸੀ.ਸੀ ਕੈਡਿਟਸ ਅਤੇ ਸੱਭਿਆਚਾਰਕ ਟੀਮ ਨਾਲ ਸਵਾਗਤ ਵਿੱਚ ਚੌਖਾ ਵਾਧਾ ਕੀਤਾ। ਦੀਪਕ ਜਲਾਉਣ ਦੀ ਰਸਮ ਸੀ.ਐਮ ਸਾਹਿਬ, ਫੈਡਰੇਸ਼ਨ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਸ੍ਰ: ਸਤਨਾਮ ਸਿੰਘ ਸੰਧੂ ਦੁਆਰਾ ਕੀਤੀ ਗਈ। ਵੈਲਕਮ ਸਪੀਚ ਦੀ ਰਸਮ ਚੰਡੀਗੜ ਯੁਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਦੁਆਰਾ ਨਿਭਾਈ ਗਈ ਉਹਨਾਂ ਸੀ.ਐਮ. ਸਾਹਿਬ ਦਾ ਸੁਆਗਤ ਕੀਤਾ ਗਿਆ ਤੇ ਉਹਨਾਂ ਨੇ ਪੰਜਾਬ ਦੀ ਸਿੱਖਿਆ ਵਿਵਸਥਾ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਹੁਣ ਸਾਰਾ ਪੰਜਾਬ ਇੱਕ ਉਮੀਦ ਨਾਲ ਉਹਨਾਂ ਵੱਲ ਵੇਖ ਰਿਹਾ ਹੈ ਅਤੇ ਖਾਸ ਕਰ ਪ੍ਰਾਈਵੇਟ ਸਕੂਲ ਸੰਸਥਾਵਾਂ ਜੋ ਕਿ ਅਜੇ ਵੀ ਕੋਵਿਡ–19 ਦੀ ਮਾਰ ਹੇਠੋਂ ਬਾਹਰ ਨਿਕਲਣ ਲਈ ਯਤਨਸ਼ੀਲ ਹਨ ਤੇ ਉਹ ਆਪਣੀ ਬਣਦੀ ਪਹਿਚਾਣ ਇਸ ਕਿੱਤੇ ਵਿੱਚ ਚਾਹੁੰਦੀਆਂ ਹਨ। ਉਨ੍ਹਾਂ ਆਪਣੀ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਖੁਦ ਛੋਟੇ ਵਿਦਿਆਰਥੀ ਸਨ ਤਾਂ ਉਸ ਸਮੇਂ ਵਿੱਚ ਉਹਨਾਂ ਦੇ ਈਲਾਕੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਨਹੀਂ ਸੀ ਅਤੇ ਅੱਜ ਐਜੁਕੇਸ਼ਨਿਸਟਾਂ ਨੇ ਉੱਧਮ ਕਰਕੇ ਪੰਜਾਬ ਭਰ ਵਿੱਚ ਲਗਭਗ 9000 ਪ੍ਰਾਈਵੇਟ ਸਕੂਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਜੀ ਧੂਰੀ ਨੇ ਫੈਡਰੇਸ਼ਨ ਬਾਰੇ ਅਤੇ ਉਸਦੀ ਕਾਰਗੁਜ਼ਾਰੀ, ਪ੍ਰਾਪਤੀਆਂ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਭਾਸ਼ਨ ਰਾਹੀ ਜਾਣੂ ਕਰਵਾਇਆ ਤੇ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲ ਚੈਰੀਟੇਬਲ ਸੰਸਥਾਵਾਂ ਹੋਣ ਦੇ ਨਾਤੇ ਇਹਨਾਂ ਦਾ ਬਿਜਲੀ ਦਾ ਬਿੱਲ ਕਮਰਸ਼ੀਅਲ ਨਹੀਂ ਹੋਣਾ ਚਾਹੀਦਾ ਅਤੇ ਜਿੰਨੇ ਵੀ ਸਕੂਲੀ ਬੱਸਾਂ ਤੇ ਟੈਕਸ ਆਦਿ ਹਨ ਉਹਨਾਂ ਦੀ ਮਾਫ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਫੈਪ ਨੈਸ਼ਨਲ ਐਵਾਰਡਜ਼ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਸਾਰੇ 23 ਜ਼ਿਲਿਆਂ ਤੋਂ ਇਲਾਵਾ ਦੇਸ਼ ਭਰ ਵਿੱਚ 16 ਸੂਬਿਆਂ ਤੋਂ ਅਧਿਆਪਕਾਂ ਨੇ ਆਪਣੇ ਟੀਚਿੰਗ ਸਕਿੱਲਸ ਬਾਰੇ ਲਿਖ ਕੇ ਅਤੇ ਵੀਡੀੳ ਬਣਾ ਕੇ ਫੈਡਰੇਸ਼ਨ ਨੂੰ ਭੇਜੀਆਂ ਤੇ ਇੰਡੀਪੈਂਡੈਟ ਅਥਾਰਟੀ ਦੁਆਰਾ ਉਸਦਾ ਮੁਲਾਂਕਣ ਕੀਤਾ ਗਿਆ ਅਤੇ ਇਸ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਵੀ ਮੁਲਾਂਕਣ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਲਗਭਗ 800 ਦੇ ਆਸ ਪਾਸ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਜਿਸ ਵਿੱਚੋਂ ਲੰਘੇ ਦਿਨ 2 ਅਕਤੂਬਰ ਨੂੰ ਫਤਿਹਗੜ ਸਾਹਿਬ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਮੁਹਾਲੀ, ਨਵਾਂ ਸ਼ਹਿਰ, ਪਟਿਆਲਾ, ਰੋਪੜ, ਸੰਗਰੂਰ ਦੇ ਅਧਿਆਪਕਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ ਅਤੇ ਅੱਜ ਅਮ੍ਰਿੰਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਾਜਿਲਕਾ, ਫਿਰੋਜਪੁਰ, ਤਰਨਤਾਰਨ, ਗੁਰਦਾਸਪੁਰ, ਕੂਪਰਥਲਾ, ਮਾਨਸਾ, ਮੁਕਤਸਰ, ਪਠਾਨਕੋਟ ਜਿਲਿਆਂ ਤੋਂ ਇਲਾਵਾ ਦੇਸ਼ ਭਰ ਤੋਂ ਆਏ 16 ਰਾਜਾਂ ਤੋਂ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਤੇ ਉਨ੍ਹਾਂ ਅੱਗੇ ਕਿਹਾ ਕਿ ਫੈਡਰੇਸ਼ਨ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੋ ਸਖਸ਼ੀਅਤਾਂ ਕੰਮ ਕਰਦੀਆ ਹਨ ਉਨ੍ਹਾਂ ਨੂੰ ਬਣਦੀ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸ੍ਰ: ਚਰਨਜੀਤ ਸਿੰਘ ਚੰਨੀ ਨੇ ਸਮੁੱਚੇ ਅਧਿਆਪਕ ਜਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਰ ਇੱਕ ਅਧਿਆਪਕ ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ ਉਹ ਉਹਨਾਂ ਦੀਆ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਅੱਜ ਜੋ ਸਿਸਟਮ ਚੱਲ ਰਿਹਾ ਹੈ ਉਹ ਇਹ ਹੈ ਕਿ ਇੱਕ ਪਿੰਡ ਦਾ ਅਧਿਆਪਕ ਜਿਸਦੀ ਨਿਯੁਕਤੀ 150, 200 ਕਿਲੋਮੀਟਰ ਤੇ ਕੀਤੀ ਜਾਂਦੀ ਹੈ ਅਤੇ ੳਸਦੇ ਚਾਰ-ਪੰਜ ਘੰਟੇ ਹਰ ਰੋਜ਼ ਸਫਰ ਵਿੱਚ ਜਾਇਆ ਹੋ ਜਾਂਦੇ ਹਨ। ਉਹਨਾਂ ਵਿਸ਼ਵਾਸ ਦਵਾਇਆ ਕਿ ਅਧਿਆਪਕਾਂ ਦੀਆਂ ਜਿਹੜੀਆਂ ਵੀ ਲੋੜਾਂ ਹਨ ਭਾਵੇਂ ਕਿਸੇ ਵੀ ਪ੍ਰਕਾਰ ਦੀਆਂ ਹੋਣ ਉਹਨਾਂ ਨੂੰ ਪੂਰਾ ਕਰਨ ਲਈ ਉਹ ਵਚਨਬੱਧ ਹਨ। ਉਹਨਾਂ ਆਪਣੇ ਬਾਰੇ ਕਿਹਾ ਕਿ ਉਹ ਇੱਕ ਆਮ ਆਦਮੀ ਹਨ ਅਤੇ ਹਰੇਕ ਪੰਜਾਬੀ ਦੀ ਹਰ ਸਮੇਂ ਉਹਨਾਂ ਤੱਕ ਪਹੁੰਚ ਨੂੰ ਉਹ ਯਕੀਨੀ ਬਣਾਉਗੇ। ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਜੋ ਤਰੁੱਟੀਆਂ ਹਨ ਉਹਨਾਂ ਤੇ ਬਹੁਤ ਜਲਦ ਕਾਬੂ ਪਾ ਲਿਆ ਜਾਵੇਗਾ। ਇਸ ਤੋਂ ਇਲਾਵਾ ਕਮੇਡੀ ਕਿੰਗ ਅਤੇ ਪੰਜਾਬੀ ਫਿਲਮ ਜਗਤ ਦੇ ਚਮਕਦੇ ਸਿਤਾਰੇ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੇ ਅੰਦਾਜ਼ ਵਿੱਚ ਚੁਟਕੀਆਂ ਲੈਂਦੇ ਹੋਏ ਅਧਿਆਪਕ ਜਗਤ ਨਾਲ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਅਧਿਆਪਕ ਜਗਤ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਅੱਖੋਂ ਪਰੋਖੇ ਨਾ ਕਰਨ। ਉਹਨਾਂ ਆਪਣੇ ਚਰਚਿਤ ਹਾਸਵਿਅੰਗ ਅੰਦਾਜ਼ ਵਿੱਚ ਕਿਹਾ ਕਿ ਤੁੰਸੀਂ ਬਹੁਤ ਵਧੀਆ ਸਹੁਲਤਾਂ ਵਿੱਚ ਪੜ੍ਹਾਈ ਕਰਵਾਉਂਦੇ ਹੋ ਤੇ ਬਹਤ ਖੁਸ਼ਕਿਸਮਤ ਹੋ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਉੱਚ ਪੱਧਰੀ ਸਹੁਲਤਾਂ ਦਾ ਆਨੰਦ ਮਾਣਦੇ ਹਨ। ਉਹਨਾਂ ਕਿਹਾ ਕਿ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਜੇ ਕੋਈ ਪੁਛਦਾ ਸੀ ਕਿ ਪੰਜਵੀਂ ਜਮਾਤ ਕਿੱਥੇ ਲੱਗੀ ਹੈ ਤਾਂ ਜਵਾਬ ਹੁੰਦਾ ਸੀ ਕਿ ਪਿੱਪਲ ਥੱਲੇ, ਛੇਵੀਂ ਜਮਾਤ ਕਿੱਥੇ ਲੱਗੀ ਹੈ ਜਵਾਬ ਹੁੰਦਾ ਸੀ ਬੋਹੜ ਥੱਲੇ, ਅੱਠਵੀਂ ਜਮਾਤ ਕਿੱਥੇ ਲੱਗੀ ਤਾਂ ਜਵਾਬ ਹੁੰਦਾ ਸੀ ਟਾਹਲੀ ਥੱਲੇ। ਉਹਨਾਂ ਆਪਣੇ ਅੰਦਾਜ਼ ਚ’ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਤਾਂ ਬਹੁਤੇ ਪੰਜਾਬੀ ਸ਼ਬਦਾਂ ਦੇ ਅਰਥ ਵੀ ਨਹੀਂ ਆਉਂਦੇ ਜੋ ਕਿ ਆਪਣੇ ਆਪ ਵਿੱਚ ਹਾਸੋਹੀਣੀ ਗੱਲ ਹੈ। ਸਮਾਗਮ ਦੌਰਾਨ ਚੰਡੀਗੜ ਯੂਨੀਵਰਸਿਟੀ ਦੀ ਗਿੱਧਾ ਅਤੇ ਭੰਗੜਾ ਟੀਮ ਨੇ ਆਪਣੇ ਹੀ ਅੰਦਾਜ਼ ਵਿੱਚ ਸਮਾਗਮ ਦੇ ਮਾਹੌਲ ਵਿੱਚ ਉੱਚ ਪੱਧਰੀ ਊਰਜਾ ਦਾ ਸੰਚਾਰ ਕੀਤਾ। ਆਏ ਹੋਏ ਮੁੱਖ ਮਹਿਮਾਨ ਨੇ ਆਪਣੇ ਕਰ ਕਮਲਾਂ ਨਾਲ ਸਿੱਖਿਆ ਜਗਤ ਨੂੰ ਰੌਸ਼ਨਾਉਂਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਫੈਡਰੇਸ਼ਨ ਦੇ ਸਾਰੇ ਜ਼ਿਲਿਆਂ ਤੋਂ ਜ਼ਿਲਾ ਪ੍ਰਧਾਨਾਂ ਤੇ ਜ਼ਿਲਾ ਕੋਰ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਜੀ ਧੂਰੀ ਤੋਂ ਇਲਾਵਾ ਕਨਵੀਨਰ ਪੰਜਾਬ ਸ਼੍ਰੀ ਸੰਜੀਵ ਕੁਮਾਰ ਸੈਣੀ, ਸੀਨੀਅਰ ਮੀਤ ਪ੍ਰਧਾਨ ਸੰਜੇ ਗੁਪਤਾ, ਮੀਤ ਪ੍ਰਧਾਨ ਮਨਮੋਹਨ ਸਿੰਘ, ਮੀਤ ਪ੍ਰਧਾਨ ਸੁਖਜਿੰਦਰ ਸਿੰਘ, ਸੈਕਟਰੀ ਭੁਪਿੰਦਰ ਸਿੰਘ ਪਟਿਆਲਾ, ਜੁਆਇੰਟ ਸੈਕਟਰੀ ਅਨਿਲ ਮਿੱਤਲ ਹਾਜ਼ਿਰ ਸਨ। ਇਸ ਤਰ੍ਹਾਂ ਫੈਪ ਨੈਸ਼ਨਲ ਐਵਾਰਡ ਫਾਰ ਟੀਚਰਸ ਜੋ ਕਿ 2 ਦਿਨ ਦਾ ਰੰਗਾਰੰਗ ਸਮਾਗਮ ਸੀ, ਆਪਣੀਆਂ ਇੰਦਰ ਛਟਾਵਾਂ ਬਖੇਰਦਾ ਹੋਇਆ ਆਪਣੇ ਸਮਾਪਨ ਤੇ ਪੁੱਜਾ।
Comments are closed.