Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਆਜ਼ਾਦੀ ਕਾ ਅਮ੍ਰਿਤ ਮੋਹੋਤਸਵ ਲੜੀ ਤਹਿਤ ਇਨਕਮ ਟੈਕਸ ਵਿਭਾਗ ਵੱਲੋਂ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ

ਦੇਸ਼ ਦੀ ਤਰੱਕੀ ਲਈ ਟੈਕਸ ਅਦਾ ਕਰਨਾ ਹਰ ਨਾਗਰਿਕ ਦੀ ਜਿੰਮੇਵਾਰੀ-ਰਵਿੰਦਰ ਮਿੱਤਲ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਇਨਕਮ ਟੈਕਸ ਪ੍ਰਤੀ ਜਾਗਰੁਕ ਕਰਨ ਲਈ ਇਨਕਮ ਟੈਕਸ ਵਿਭਾਗ ਲੁਧਿਆਣਾ ਰੇਂਜ ਦੇ ਅਡੀਸ਼ਨਲ ਕਮੀਸ਼ਨਰ ਸ਼੍ਰੀ ਰਵਿੰਦਰ ਮਿੱਤਲ ਜੀ ਤੇ ਇਨਕਮ ਟੈਕਸ ਅਫਸਰ ਸ਼੍ਰੀ ਗਗਨ ਕੁਮਾਰ ਪ੍ਰਧਾਨ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਤੇ ਚੇਅਰਮੈਨ ਸ਼੍ਰੀ ਸੰਂਜੀਵ ਕੁਮਾਰ ਸੈਣੀ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਅਡੀਸ਼ਨਲ ਕਮੀਸ਼ਨਰ ਸ਼੍ਰੀ ਰਵਿੰਦਰ ਮਿਤੱਲ ਜੀ ਨੂੰ ਸਟੇਜ ਤੇ ਆਉਣ ਲਈ ਸੱਦਾ ਦਿੱਤਾ। ਸੈਮੀਨਾਰ ਦੋਰਾਨ ਸ਼੍ਰੀ ਰਵਿੰਦਰ ਮਿੱਤਲ ਜੀ ਨੇ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਲੜੀ ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ। ਉਹਨਾਂ ਇਸ ਲੜੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੀ ਆਜ਼ਾਦੀ ਦੇ 75 ਸਾਲਾਂ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਇੱਕ ਪਹਿਲ ਹੈ। ਇਹ ਮਹਾਂ-ਉਤਸਵ ਭਾਰਤ ਦੇ ਉਹਨਾਂ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਨੂੰ ਇਸ ਦੇ ਵਿਕਾਸਵਾਦੀ ਸਫ਼ਰ ਵਿੱਚ ਅੱਗੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਸਗੋਂ ਉਨ੍ਹਾਂ ਦੇ ਅੰਦਰ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਭਾਵਨਾ ਪੈਦਾ ਕੀਤੀ ਹੈ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਧਿਕਾਰਤ ਯਾਤਰਾ 12 ਮਾਰਚ 2021 ਨੂੰ ਸ਼ੁਰੂ ਹੋਈ ਸੀ ਜਿਸ ਨੇ ਸਾਡੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ 75 ਹਫ਼ਤਿਆਂ ਦੀ ਕਾਊਂਟਡਾਊਨ ਸ਼ੁਰੂ ਕੀਤੀ ਸੀ ਅਤੇ ਇੱਕ ਸਾਲ ਬਾਅਦ 15 ਅਗਸਤ 2023 ਨੂੰ ਸਮਾਪਤ ਹੋਵੇਗੀ। ਇਸ ਦੇ ਤਹਿਤ ਹੀ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਫਸਰ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਸੈਮੀਨਾਰ ਕਰ ਰਹੇ ਹਨ। ਉਹਨਾਂ ਵਿਦਿਅਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਨੂੰ ਅਲੱਗ-ਅਲੱਗ ਟੈਕਸ ਬਾਰੇ ਜਾਣਕਾਰੀ ਦਿੱਤੀ ਤੇ ਖਾਸ ਤੌਰ ਤੇ ਉਹਨਾਂ ਨੇ ਵਿਦਿਆਰਥੀਆ ਨੂੰ ਜਾਗਰੁਕ ਕੀਤਾ ਕਿ ਸਾਨੂੰ ਟੈਕਸ ਕਿਉਂ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਹਰ ਦੇਸ਼ ਦੀ ਸਰਕਾਰ ਨੂੰ ਆਪਣੇ ਜ਼ਰੂਰੀ ਕੰਮਾਂ ਅਤੇ ਕਰਤੱਵਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਫੰਡਿੰਗ ਦੀ ਲੋੜ ਹੁੰਦੀ ਹੈ। ਇਹਨਾਂ ਵਿੱਚ ਜਨਤਕ ਸੰਸਥਾਵਾਂ ਦਾ ਸੰਚਾਲਨ, ਦੇਸ਼ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਲੋਕ ਭਲਾਈ ਦੀਆਂ ਪਹਿਲਕਦਮੀਆਂ ਅਤੇ ਯੋਜਨਾਵਾਂ ਨੂੰ ਵਿੱਤ ਪ੍ਰਦਾਨ ਕਰਨਾ ਸ਼ਾਮਲ ਹੈ। ਇਹ ਸਹੂਲਤਾਂ ਪ੍ਰਦਾਨ ਕਰਨ ਦੇ ਬਦਲੇ, ਇੱਕ ਸਰਕਾਰ ਆਪਣੇ ਨਾਗਰਿਕਾਂ ‘ਤੇ ਟੈਕਸ ਲਗਾ ਕੇ ਉਨ੍ਹਾਂ ਲਈ ਲੋੜੀਂਦਾ ਫੰਡ ਪੈਦਾ ਕਰਦੀ ਹੈ। ਇਸ ਪ੍ਰਕਿਰਿਆ ਨੂੰ ਕੁਸ਼ਲ ਬਣਾਉਣ ਲਈ, ਹਰ ਦੇਸ਼ ਦੀ ਸਰਕਾਰ ਦੁਆਰਾ ਇੱਕ ਉਚਿਤ ਟੈਕਸ ਪ੍ਰਕਿਰਿਆ ਨਿਰਧਾਰਤ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਟੈਕਸਾਂ ਤੋਂ ਬਿਨਾਂ, ਸਰਕਾਰਾਂ ਆਪਣੇ ਸਮਾਜਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੋ ਜਾਣਗੀਆਂ। ਟੈਕਸ ਦੀ ਮਹਤੱਤਾ ਬਿਆਨ ਕਰਦੇ ਹੋਏ ਉਹਨਾਂ ਦੱਸਿਆ ਕਿ ਸਰਕਾਰਾਂ ਇਸ ਪੈਸੇ ਨੂੰ ਇਕੱਠਾ ਕਰਦੀਆਂ ਹਨ ਅਤੇ ਇਸਦੀ ਵਰਤੋਂ ਸਮਾਜਿਕ ਪ੍ਰੋਜੈਕਟਾਂ ਨੂੰ ਨੇਪਰੇ ਚਾੜਣ ਲਈ ਲਈ ਕਰਦੀਆਂ ਹਨ ਜਿਵੇਂ ਕਿ ਸਿੱਖਿਆ, ਸੇਹਤ, ਸੁਰੱਖਿਆ, ਦੇਸ਼ ਦੀ ਡਵੈਲਪਮੈਂਟ ਆਦਿ। ਉਹਨਾਂ ਨੇ ਦੱਸਿਆ ਕਿ ਭਾਰਤ ਵਿੱਚ ਇਨਕਮ ਟੈਕਸ ਦੇ ਨਿਯਮ 1860 ਵਿੱਚ ਲਾਗੂ ਕੀਤੇ ਗਏ ਸਨ ਤੇ ਸਮੇਂ-ਸਮੇਂ ਤੇ ਇਸ ਵਿੱਚ ਸੋਧ ਹੁੰਦੀ ਗਈ। ਟੈਕਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਸ ਦੀਆਂ ਮੁੱਖ ਦੋ ਕਿਸਮਾਂ ਹਨ ਸਿੱਧੇ ਟੈਕਸ ਅਤੇ ਅਸਿੱਧੇ ਟੈਕਸ। ਸਿੱਧੇ ਟੈਕਸ ਉਹ ਹੁੰਦੇ ਹਨ ਜਿਸ ਵਿੱਚ ਸਿੱਧੇ ਤੌਰ ‘ਤੇ ਵਿਅਕਤੀਆਂ ਅਤੇ ਕਾਰਪੋਰੇਸ਼ਨਾਂ ਦੁਆਰਾ ਪੈਦਾ ਕੀਤੀ ਟੈਕਸਯੋਗ ਆਮਦਨ ‘ਤੇ ਲਗਾਏ ਜਾਂਦੇ ਹਨ। ਇਹਨਾਂ ਟੈਕਸਾਂ ਦੀ ਮਹੱਤਤਾ ਇਹ ਹੈ ਕਿ ਇਹ ਸਰਕਾਰ ਨੂੰ ਸਿੱਧੇ ਤੌਰ ‘ਤੇ ਅਦਾ ਕੀਤੇ ਜਾਂਦੇ ਹਨ ਅਤੇ ਭਾਰਤ ਦੇ ਟੈਕਸ ਦੁਆਰਾ ਪੈਦਾ ਹੋਏ ਫੰਡ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦੇ ਹਨ। ਦੂਜੇ ਪਾਸੇ ਅਸਿੱਧੇ ਟੈਕਸ ਉਹ ਹਨ ਜੋ ਸਿੱਧੇ ਤੌਰ ‘ਤੇ ਟੈਕਸਦਾਤਾ ਦੀ ਆਮਦਨ ‘ਤੇ ਨਹੀਂ ਲਗਾਏ ਜਾਂਦੇ ਪਰ ਅਸਿੱਧੇ ਤੌਰ ‘ਤੇ ਜਦੋਂ ਉਹ ਚੀਜ਼ਾਂ ਅਤੇ ਸੇਵਾਵਾਂ ਦਾ ਲਾਭ ਲੈਂਦੇ ਹਨ ਜਾਂ ਖਰੀਦਦੇ ਹਨ ਤਾਂ ਇਹ ਟੈਕਸ ਸ਼ਾਮਲ ਕੀਤੇ ਜਾਂਦੇ ਹਨ ਅਤੇ ਉਪਭੋਗਤਾ ਦੁਆਰਾ ਸੇਵਾ ਪ੍ਰਦਾਤਾ ਜਾਂ ਮਾਲ ਵਿਕਰੇਤਾ ਨੂੰ ਅਦਾ ਕੀਤੇ ਜਾਂਦੇ ਹਨ। ਉਹੀ ਰਕਮ ਫਿਰ ਇਹਨਾਂ ਪਾਰਟੀਆਂ ਦੁਆਰਾ ਸਰਕਾਰ ਨੂੰ ਅਦਾ ਕੀਤੀ ਜਾਂਦੀ ਹੈ, ਸਭ ਤੋਂ ਮਹੱਤਵਪੂਰਨ ਅਸਿੱਧੇ ਟੈਕਸਾਂ ਵਿੱਚੋਂ ਇੱਕ ਹੈ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ)। ਉਹਨਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦਾ ਵੀ ਬਾਖੂਬੀ ਜਵਾਬ ਦਿੱਤਾ ਤੇ ਟੈਕਸ ਪ੍ਰਤੀ ਉਹਨਾਂ ਦੇ ਸ਼ੱਕ ਨੂੰ ਦੂਰ ਕੀਤਾ। ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਮੈਨੂੰ ਪਤਾ ਹੈ ਕਿ ਵਿਦਿਆਰਥੀ ਕੋਈ ਇਨਕਮ ਨਹੀਂ ਕਮਾਉਂਦੇ ਪਰ ਉਹ ਆਪਣੇ ਮਾਪਿਆਂ ਨੂੰ ਜ਼ਰੂਰ ਟੈਕਸ ਦੇਣ ਪ੍ਰਤੀ ਉਤਸ਼ਾਹਿਤ ਕਰਨ ਤਾਂ ਜੋ ਉਹ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾ ਸਕਣ। ਅੰਤ ਵਿੱਚ ਉਹਨਾਂ ਸਕੂਲ ਮੈਨੇਜਮੈਂਟ ਦਾ ਇਸ ਸੈਮੀਨਾਰ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਤੇ ਸਕੂਲ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਟੋਕਨ ਆਫ ਲਵ ਦੇ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Comments are closed.