Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ‘ਭਾਰਤੀ ਸਨਮਾਨ ਪ੍ਰਣਾਲੀ’ ਬਾਰੇ ਦਿੱਤੀ ਜਾਣਕਾਰੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ਸਵੇਰ ਦੀ ਸਭਾ ਦੋਰਾਨ ਵਿਦਿਆਰਥੀਆਂ ਨੂੰ ਭਾਰਤੀ ਸਨਮਾਨ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨਾਲ ਸਬੰਧਤ ਚਾਰਟ ਅਤੇ ਆਰਟੀਕਲ ਵੀ ਪੇਸ਼ ਕੀਤੇ ਗਏ ਜਿੰਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਅਵਾਰਡ ਮਹੱਤਵਪੂਰਨ ਪ੍ਰਾਪਤੀਆਂ ਵਾਲੇ ਲੋਕਾਂ ਨੂੰ ਦਿੱਤੇ ਗਏ ਸਨਮਾਨ ਅਤੇ ਸਨਮਾਨ ਦਾ ਚਿੰਨ੍ਹ ਹੁੰਦੇ ਹਨ। ਭਾਰਤ ਵਿੱਚ ਅਵਾਰਡਾਂ ਦੀ ਸੂਚੀ ਬਹੁਤ ਵਿਸ਼ਾਲ ਹੈ ਕਿਉਂਕਿ ਲੋਕ ਵੱਖ-ਵੱਖ ਖੇਤਰਾਂ ਵਿੱਚ ਮਹਾਨ ਪ੍ਰਾਪਤੀਆਂ ਦੀ ਨਿਸ਼ਾਨਦੇਹੀ ਕਰ ਰਹੇ ਹਨ। ਭਾਰਤੀ ਸਨਮਾਨ ਪ੍ਰਣਾਲੀ ਮੁੱਖ ਤੌਰ ‘ਤੇ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। ਭਾਰਤੀ ਸਨਮਾਨ ਪ੍ਰਣਾਲੀ ਨੂੰ ਮੋਟੇ ਤੌਰ ‘ਤੇ ਚਾਰ ਕਿਸਮਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ – ਸਿਵਲੀਅਨ, ਦੇਸ਼-ਭਗਤੀ, ਵਿਸ਼ੇਸ਼ ਅਤੇ ਖੇਡ। ਇਸ ਸਬੰਧ ਵਿੱਚ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਿਵਲੀਅਨ ਅਵਾਰਡਾਂ ਨੂੰ ਸਨਮਾਨ ਦੇ ਪੱਧਰ ਦੇ ਅਨੁਸਾਰ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਜਿਵੇਂ ਕਿ ਭਾਰਤ ਰਤਨ ਸਰਬੋਤਮ ਨਾਗਰਿਕ ਸਨਮਾਨ ਹੈ, ਇਸ ਤੋਂ ਬਾਅਦ ‘ਪਦਮ ਵਿਭੂਸ਼ਣ’, ‘ਪਦਮ ਭੂਸ਼ਣ’ ਅਤੇ ‘ਪਦਮ ਸ਼੍ਰੀ’ ਨਾਗਰਿਕ ਸਨਮਾਨ ਆਉਂਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਪ੍ਰਦਾਨ ਕੀਤੇ ਜਾਣ ਵਾਲੇ ਬਹਾਦਰੀ ਪੁਰਸਕਾਰ ਹਨ ਪਰਮਵੀਰ ਚੱਕਰ, ਅਸ਼ੋਕ ਚੱਕਰ, ਮਹਾਵੀਰ ਚੱਕਰ, ਕੀਰਤੀ ਚੱਕਰ, ਵੀਰ ਚੱਕਰ ਅਤੇ ਸ਼ੌਰਿਆ ਚੱਕਰ। ਇਹ ਸਨਮਾਨ ਭਾਰਤੀ ਰੱਖਿਆ ਪ੍ਰਣਾਲੀ ਵਿੱਚ ਸੇਵਾ ਨਿਭਾਉਣ ਵਾਲੇ ਭਾਰਤੀ ਸੈਨਿਕਾ ਨੂੰ ਯੁੱਧਕਾਲ ਜਾਂ ਸ਼ਾਂਤੀਕਾਲ ਵਿੱਚ ਦਿੱਤੇ ਗਏ ਯੋਗਦਾਨ ਲਈ ਦਿੱਤੇ ਜਾਂਦੇ ਹਨ। ਪਰਮਵੀਰ ਚੱਕਰ ਇਸ ਲੜ੍ਹੀ ਵਿੱਚ ਸਰਬਉੱਚ ਸਨਮਾਨ ਹੈ। ਇਸ ਤੋਂ ਬਾਅਦ ਭਾਰਤੀ ਸਨਮਾਨ ਪ੍ਰਣਾਲੀ ਵਿੱਚ ਖੇਡ ਸਨਮਾਨ ਆਉਂਦੇ ਹਨ ਜਿੰਨ੍ਹਾਂ ਵਿੱਚ ਮੁੱਖ ਹਨ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ, ਅਰਜੁਨ ਅਵਾਰਡ, ਦਰੋਣਾਚਾਰੀਆ ਪੁਰਸਕਾਰ, ਮੇਜਰ ਧਿਆਨ ਚੰਦ ਖੇਡ ਰਤਨ, ਧਿਆਨ ਚੰਦ ਐਵਾਰਡ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ। ਇਹ ਸਾਰੇ ਪੁਰਸਕਾਰ ਖਿਡਾਰੀਆਂ ਨੂੰ ਇੱਕ ਮਿੱਥੇ ਸਮੇਂ ਵਿੱਚ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਨਮਾਨ ਹਨ ਜੋ ਸਿੱਖਿਆ, ਸਾਹਿਤ, ਚਿਕਿਤਸਾ ਆਦਿ ਦੇ ਖੇਤਰ ਵਿੱਚ ਵੀ ਪ੍ਰਦਾਨ ਕੀਤੇ ਜਾਂਦੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਜਦੋਂ ਵੀ ਕੋਈ ਸਨਮਾਨ ਸਾਨੂੰ ਪ੍ਰਾਪਤ ਹੁੰਦਾ ਹੈ ਤਾਂ ਉਹ ਸਨਮਾਨ ਆਪਣੇ ਨਾਲ ਇੱਕ ਵੱਡੀ ਜਿੰਮੇਦਾਰੀ ਵੀ ਲੈ ਕੇ ਆਉਂਦਾ ਹੈ, ਉਹ ਜਿੰਮੇਦਾਰੀ ਹੁੰਦੀ ਹੈ ਆਪਣੇ ਆਪ ਨੂੰ ਉਸ ਸਨਮਾਨ ਦੇ ਲਾਇਕ ਬਣਾਈ ਰੱਖਣ ਦੀ, ਇਸ ਲਈ ਮਿਹਨਤ ਕਰਕੇ ਇੱਕ ਵਾਰ ਕੋਈ ਸਨਮਾਨ ਪ੍ਰਾਪਤ ਕਰਨਾ ਹੀ ਕਾਫੀ ਨਹੀਂ ਹੁੰਦਾ ਉਸ ਸਨਮਾਨ ਦੀ ਗਰੀਮਾ ਬਣਾਈ ਰੱਖਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.