ਮਈ ਮਹੀਨੇ ਦੀਆਂ ਛੁੱਟੀਆਂ ਬਾਰੇ ਪੰਜਾਬ ਸਰਕਾਰ ਨੂੰ ਮੁੜ ਵਿਚਾਰਨ ਦੀ ਲੋੜ-ਫੈਡਰੇਸ਼ਨ
ਇਸ ਤਰਾਂ ਦੀਆਂ ਛੁੱਟੀਆਂ ਦੇ ਵਾਧੇ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ-ਧੂਰੀ
ਫੈਡਰੇਸ਼ਨ ਆਫ ਪ੍ਰਇਵੇਟ ਅਨਏਡਿਡ ਸਕੂਲ਼ਜ਼ ਐਂਡ ਐਸੋਸਿਏਸ਼ਨ ਆਫ ਪੰਜਾਬ ਦੀ ਮੀਟਿੰਗ ਹੋਈ। ਜਿਸ ਵਿੱਚ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਵਿੱਚ ਪੰਜਾਬ ਦੇ ਸਕੂਲਾਂ ਵਿੱਚ 15 ਮਈ ਤੋਂ ਲੈ ਕੇ 31 ਮਈ ਤੱਕ ਕੀਤੀਆਂ ਛੁੱਟੀਆਂ ਦੇ ਵਾਧੇ ਬਾਰੇ ਵਿਚਾਰ ਸਾਂਝੇ ਕੀਤੇ ਗਏ ਜਿਸ ਦੋਰਾਨ ਫੇਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਤੇ ਲੀਗਲ ਕਨਵੀਨਰ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਇਸ ਤਰਾਂ ਛੁੱਟੀਆਂ ਵਿੱਚ ਕੀਤੇ ਵਾਧੇ ਨਾਲ ਵਿਦਿਆਰਥੀਆਂ ਦੀ ਪੜਾਈ ਨੁਕਸਾਨ ਹੋਵੇਗਾ। ਕਿਉਂਕਿ ਭਾਰਤ ਦੇ 28 ਰਾਜਾਂ ਤੇ 8 ਯੁਨਿਅਨ ਟੈਰੀਟਰੀਜ਼ ਵਿੱਚੋਂ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜੋ ਕਿ 15 ਮਈ ਤੋਂ ਛੁੱਟੀਆਂ ਕਰਨ ਦਾ ਐਲਾਨ ਕਰ ਰਿਹਾ ਹੈ। ਜਦ ਕਿ ਇਹ ਛੁੱਟੀਆਂ ਹਰ ਸਾਲ 1 ਜੂਨ ਤੋਂ 30 ਜੂਨ ਤੱਕ ਹੁੰਦੀਆਂ ਹਨ। ਕਰੋਨਾ ਮਹਾਂਮਾਰੀ ਕਰਕੇ ਦੋ ਸਾਲ ਵਿਦਿਆਰਥੀਆਂ ਦੀ ਪੜਾਈ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਸਹੀ ਢੰਗ ਨਾਲ ਪੜਾਈ ਨਹੀਂ ਹੋ ਸਕੀ। ਇੱਥੇ ਇਹ ਗੱਲ ਵੀ ਦੇਖਣਯੋਗ ਹੈ ਕਿ ਵਿਦਿਅਕ ਸਾਲ ਦੇ ਦੂਸਰੇ ਮਹੀਨੇ ਵਿੱਚ ਹੋਣ ਵਾਲੀ ਪ੍ਰੀਖਿਆਵਾਂ ਵੀ ਇਹਨਾਂ ਦੋ ਹਫਤਿਆਂ ਵਿੱਚ ਹੀ ਹੁੰਦੀਆਂ ਹਨ। ਅਗਰ ਇਹ ਪ੍ਰੀਖਿਆਵਾਂ ਛੁੱਟੀਆਂ ਕਾਰਨ ਨਾ ਹੋ ਪਾਈਆਂ ਤਾਂ ਇਸਦਾ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਤੇ ਵੀ ਬੁਰਾ ਅਸਰ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਗਰਮੀ ਦੀ ਰੁੱਤ ਵਿੱਚ ਵੱਧਦੇ ਤਾਪਮਾਨ ਦਾ ਹਵਾਲਾ ਦਿੰਦੇ ਹੋਏ ਜੋ ਇਹ ਐਲਾਨ ਕੀਤੇ ਗਏ ਹਨ ਤਾਂ ਇੱਥੇ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਇਹਨਾਂ ਦਿਨਾਂ ਵਿੱਚ ਤਾਪਮਾਨ ਘੱਟ ਹੈ ਅਤੇ ਮੋਸਮ ਵਿਭਾਗ ਵੱਲੋਂ ਵੀ ਕੋਈ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਦਾ ਅਲਰਟ ਨਹੀ ਹੋਇਆ। ਸਰਕਾਰ ਨੂੰ ਚਾਹੀਦਾ ਹੈ ਕਿ ਛੁੱਟੀਆਂ ਕਰਨ ਦੀ ਬਜਾਏ ਵਿਦਿਆਰਥੀਆਂ ਦੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 12:30 ਵਜੇ ਤੱਕ ਹੀ ਰਹਿਣ ਦੇਣਾ ਚਾਹੀਦਾ ਹੈ ਜਿਵੇਂ ਕਿ ਹੁਣ ਚੱਲ ਰਿਹਾ ਹੈ ਤਾਂ ਜੋ ਘੱਟੋ-ਘੱਟ 5 ਘੰਟੇ ਦੇ ਕਰੀਬ ਤਾਂ ਵਿਦਿਆਰਥੀ ਸਕੂਲ਼ ਵਿੱਚ ਆਪਣੀ ਪੜਾਈ ਨੂੰ ਜਾਰੀ ਰੱਖ ਸਕਣਗੇ ਤੇ 7 ਵਜੇ ਤੋਂ 12:30 ਵਜੇ ਦੋਰਾਨ ਮੋਸਮ ਵਿੱਚ ਵੀ ਥੋੜੀ ਨਰਮੀ ਰਹਿੰਦੀ ਹੈ। ਗਰਮੀ ਤਾਂ ਅਸਲ ਵਿੱਚ ਜੂਨ ਵਿੱਚ ਹੀ ਹੁੰਦੀ ਹੈ ਜਿਸ ਦੋਰਾਨ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਹਨ। ਦੂਸਰਾ ਜੋ ਸਰਕਾਰ ਵੱਲੋਂ 16 ਮਈ ਤੋਂ 31 ਮਈ ਤੱਕ ਆਨਲਾਇਨ ਕਲਾਸਾਂ ਲਗਾਉਣ ਬਾਰੇ ਜੋ ਐਲਾਨ ਕੀਤਾ ਹੈ ਉਸਨੂੰ ਵੀ ਮੁੜ ਵਿਚਾਰਨ ਦੀ ਲੋੜ ਹੈ ਕਿਉਂਕਿ ਜਿਆਦਾਤਰ ਸਕੂਲਾਂ ਵਿੱਚ ਤਾਂ ਪ੍ਰੀਖਿਆਵਾਂ ਹੋਣੀਆਂ ਹਨ ਤੇ ਲਾਕਡਾਉਣ ਦੋਰਾਨ ਜਿੱਥੇ ਵਿਦਿਆਰਥੀ ਦੋ ਸਾਲ ਆਨਲਾਈਨ ਪੜਾਈ ਕਰਕੇ ਵੀ ਦੇਖ ਚੁੱਕੇ ਹਨ ਜੋ ਕਿ ਜਿਆਦਾ ਪ੍ਰਭਾਵਸ਼ਾਲੀ ਨਹੀਂ ਰਹੀਆਂ ਅਤੇ ਜਿਸ ਦੇ ਸਿੱਟੇ ਵਜੋਂ ਇਹ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਆਨਲਾਇਨ ਕਲਾਸਾਂ ਕਰਕੇ ਵਿਦਿਆਰਥੀਆਂ ਦੀ ਸੇਹਤ, ਖਾਸ ਕਰਕੇ ਅੱਖਾਂ ਉੱਪਰ ਬੁਰਾ ਪ੍ਰਭਾਵ ਪਿਆ ਹੈ ਤੇ ਵਿਦਿਆਰਥੀ ਸੋਸ਼ਲ ਵੈਭ ਸਾਇਟਾਂ ਨਾਲ ਜਿਆਦਾ ਜੁੜ ਗਏ ਹਨ। ਵਿਦਿਆਰਥੀਆਂ ਦੇ ਮਾਪੇ ਵੀ ਹੁਣ ਤਾਂ ਆਨਲਾਇਨ ਕਲਾਸਾਂ ਲਗਉਣ ਦੇ ਹੱੱਕ ਵਿੱਚ ਨਹੀਂ ਹਨ ਤੇ ਉਹ ਲਗਾਤਾਰ ਸਕੂਲਾਂ ਨਾਲ ਸੰਪਰਕ ਕਰ ਰਹੇ ਹਨ ਕਿ ਆਨਲਾਇਨ ਕਲਾਸਾਂ ਨਾ ਲਗਾਈਆਂ ਜਾਣ। ਇਸ ਮੌਕੇ ਫੈਡਰੇਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।
Comments are closed.