Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਰਬਿੰਦਰਨਾਥ ਟੈਗੋਰ ਦੀ 161ਵੀਂ ਜਯੰਤੀ ਮਨਾਈ ਗਈ

ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵਿਜੇਤਾ ‘ਗੁਰੂਦੇਵ ਟੈਗੋਰ’ ਦਾ ਅਹਿਮ ਯੋਗਦਾਨ : ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ਼ ਵਿੱਚ ਨੋਬਲ ਪੁਰਸਕਾਰ ਵਿਜੇਤਾ ਰਬਿੰਦਰਨਾਥ ਟੈਗੋਰ ਜੀ ਦੀ 161ਵੀਂ ਜਯੰਤੀ ਮਨਾਈ ਗਈ। ਸਕੂਲ ਵਿੱਚ ਅਸੈਂਬਲੀ ਮੌਕੇ ਵਿਦਿਆਰਥੀਆਂ ਦੁਆਰਾ ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਦੇ ਜੀਵਨ ਅਤੇ ਸਾਹਿਤ ਦੇ ਖੇਤਰ ਵਿੱਚ ਉਹਨਾਂ ਦੇ ਅਦੁੱਤੀ ਯੋਗਦਾਨ ਨਾਲ ਸਬੰਧਿਤ ਬੜੇ ਹੀ ਸੁੰਦਰ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਸਮੂਹ ਵਿਦਿਆਰਥੀਆਂ ਅਤੇ ਸਟਾਫ ਦੀ ਹਾਜ਼ਰੀ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਇਹ ਦੱਸਿਆ ਕਿ ਰਬਿੰਦਰਨਾਥ ਟੈਗੋਰ ਜੀ ਦਾ ਜਨਮ ਪੱਛਮੀ ਬੰਗਾਲ ਦੇ ਕਲਕੱਤਾ ਵਿਖੇ ਪਿਤਾ ਦੇਬੇਂਦਰਨਾਥ ਟੈਗੋਰ ਅਤੇ ਮਾਤਾ ਸ਼ਾਰਦਾ ਦੇਵੀ ਜੀ ਦੇ ਘਰ ਹੋਇਆ। ਇਹ ਆਪਣੇ ਮਾਂ-ਬਾਪ ਦੇ ਸੱਭ ਤੋਂ ਛੋਟੇ ਪੁੱਤਰ ਸਨ। ਉਹਨਾਂ ਅੱਗੇ ਦੱਸਿਆ ਕਿ ਰਬਿੰਦਰਨਾਥ ਟੈਗੋਰ ਇੱਕ ਮਹਾਨ ਕਵੀ, ਲੇਖਕ, ਨਾਵਲਕਾਰ, ਦਾਰਸ਼ਨਿਕ ਅਤੇ ਚਿੱਤਰਕਾਰ ਸਨ। ਸਾਹਿਤ ਦੇ ਖੇਤਰ ਵਿੱਚ ਉਹਨਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਜਿਸ ਲਈ 1913 ਵਿੱਚ ਉਹਨਾਂ ਨੂੰ ਨੋਬਲ ਪੁਰਸਕਾਰ ਨਾਲ ਨਵਾਜ਼ਿਆ ਗਿਆ। ਇਸ ਤੋਂ ਇਲਾਵਾ ਰਬਿੰਦਰਨਾਥ ਟੈਗੋਰ ਜੀ ਇੱਕ ਸਮਾਜ ਸੁਧਾਰਕ ਵੀ ਸਨ ਅਤੇ ਸਮੇਂ-ਸਮੇਂ ਤੇ ਅਜ਼ਾਦੀ ਦੀ ਮੁਹਿੰਮ ਵਿੱਚ ਵੀ ਆਪਣਾ ਯੋਗਦਾਨ ਦਿੰਦੇ ਰਹੇ। ਪ੍ਰਿੰਸੀਪਲ ਮੈਡਮ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰਬਿੰਦਰਨਾਥ ਟੈਗੋਰ ਦੁਆਰਾ ਲਿਖੀਆਂ ਗਈਆਂ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਉਹਨਾਂ ਦੁਆਰਾ ਬਣਾਏ ਗਏ ਚਿੱਤਰ ਪੂਰੀ ਤਰ੍ਹਾਂ ਭਾਵਨਾਵਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਸਾਡੇ ਸਾਰਿਆਂ ਲਈ ਬੜੇ ਹੀ ਪ੍ਰੇਰਨਾਦਾਈ ਹਨ। ਰਬਿੰਦਰਨਾਥ ਟੈਗੋਰ ਜੀ ਦੁਆਰਾ ਸ਼ਾਂਤੀਨਿਕੇਤਨ ਵਿਖੇ ਇੱਕ ਇੱਕ ਪ੍ਰਯੋਗਾਤਮ ਸਕੂਲ ਦੀ ਵੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਬੱਚਿਆਂ ਨੂੰ ਮੁੜ੍ਹ ਵੇਦਾਂ ਅਤੇ ਉਪਨਿਸ਼ਦਾਂ ਨਾਲ ਜੋੜਨ ਦਾ ਯਤਨ ਕੀਤਾ। ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਨੋਬਲ ਪੁਰਸਕਾਰ ਵਿਜੇਤਾ ਰਬਿੰਦਰਨਾਥ ਟੈਗੋਰ ਜਿਨ੍ਹਾਂ ਨੂੰ ‘ਗੁਰੂਦੇਵ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਾਹਿਤ ਦੇ ਖੇਤਰ ਵਿੱਚ ਉਹਨਾਂ ਦਾ ਬੜ੍ਹਾ ਹੀ ਅਹਿਮ ਯੋਗਦਾਨ ਹੈ। ਅੰਤ ਵਿੱਚ ਸਾਰੇ ਵਿਦਿਆਰਥੀਆਂ ਵੱਲੋਂ ਰਬਿੰਦਰਨਾਥ ਟੈਗੋਰ ਦੁਆਰਾ ਲਿਖਿਆ ਗਿਆ ਰਾਸ਼ਟਰ ਗਾਨ ਗਾਇਆ ਗਿਆ ਤੇ ਉਹਨਾਂ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ।

Comments are closed.