Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਲਗਾਇਆ ਗਿਆ ਟਰੈਫਿਕ ਨਿਯਮਾਂ ਸਬੰਧੀ ਅਤੇ ਨਸ਼ਾ ਵਿਰੋਧੀ ਸੈਮੀਨਾਰ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਮਾਣਯੋਗ ਗੁਲਨੀਤ ਸਿੰਘ ਖੁਰਾਨਾ, ਸੀਨੀਅਰ ਕਪਤਾਨ ਪੁਲੀਸ ਮੋਗਾ, ਮੈਡਮ ਹਰਜੀਤ ਕੌਰ ਜ਼ਿਲ੍ਹਾ ਇੰਚਾਰਜ ਸਾਂਝ ਕੇਂਦਰ ਜੀ ਦੀ ਯੋਗ ਅਗੁਵਾਈ ਹੇਠ ਬਲਵੀਰ ਸਿੰਘ ਏ.ਐੱਸ.ਆਈ. ਸਬ ਡਿਵਿਜ਼ਨ, ਧਰਮਕੋਟ ਵੱਲੋਂ ਸਕੂਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਰਹਿਨੁਮਾਈ ਹੇਠ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਡਰਾਈਵਰਾਂ ਨੂੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਸਮਾਜ ਵਿਚ ਨਸ਼ਾ ਖ਼ਤਮ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਦੀ ਸਲਾਹ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਹਿਦਾਇਤ ਕਰਦਿਆਂ ਦੱਸਿਆ ਕਿ ਜੇ ਤੁਸੀ ਇੱਕ ਕਾਮਯਾਬ ਜੀਵਨ ਚਾਹੁੰਦੇ ਹੋ ਤਾਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਤੋਂ ਦੂਰ ਰਹੋ ਕਿਉਂਕਿ ਨਸ਼ਾ ਉਹ ਦਲਦਲ ਹੈ ਜਿਸ ਵਿੱਚ ਇੱਕ ਵਾਰੀ ਧੱਸ ਜਾਈਏ ਤਾਂ ਬਾਹਰ ਨਿੱਕਲਣਾ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਵੱਧਦੀ ਉਮਰ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਆਦਤਾਂ ਤੇ ਵਿਵਹਾਰ ਵਿੱਚ ਵੀ ਬਦਲਾ ਹੁੰਦਾ ਰਹਿੰਦਾ ਹੈ ਜੇਕਰ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਨਾ ਕੀਤਾ ਜਾਵੇ ਤਾਂ ਬੱਚੇ ਗਲਤ ਦਿਸ਼ਾ ਵੱਲ ਜਾ ਕੇ ਬੂਰੀਆਂ ਆਦਤਾਂ ਦੇ ਸ਼ਿਕਾਰ ਹੋ ਸਕਦੇ ਹਨ। ਬਹੁਤ ਸਾਰੇ ਵਿਦਿਆਰਥੀ ਗਲਤ ਸੰਗਤ ਵਿੱਚ ਆ ਕੇ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ। ਨਸ਼ਿਆਂ ਤੋਂ ਦੂਰ ਰਹਿਣ ਦਾ ਵਧੀਆ ਤਰੀਕਾ ਹੈ ਕਿ ਵਿਦਿਆਰਥੀਆਂ ਸਪੋਰਟਸ ਐਕਟੀਵਿਟੀਆਂ ਵਿੱਚ ਭਾਗ ਲੈਣ ਤਾਂ ਜੋ ਉਹ ਚੰਗੀ ਸਿਹਤ ਦੀ ਜ਼ਰੂਰਤ ਨੂੰ ਮਹਿਸੂਸ ਕਰ ਸਕਨ। ਇਸ ਤੌਂ ਬਾਅਦ ਉਹਨਾਂ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਰਾਈਵਰਾਂ ਨੂੰ ਹਿਦਾਇਤ ਕੀਤੀ ਕਿ ਡਰਇਵਿੰਗ ਇੱਕ ਬਹੁਤ ਹੀ ਜਿੰਮੇਦਾਰੀ ਵਾਲਾ ਪੇਸ਼ਾ ਹੈ ਕਿਉਂਕਿ ਕਿਸੇ ਵੀ ਡਰਾਈਵਰ ਦੀ ਇੱਕ ਗਲਤੀ ਕਈ ਜਾਨਾਂ ਤੇ ਭਾਰੀ ਪੈ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਡਰਾਈਵਰ ਵੀਰ ਸੜਕ ਉੱਪਰ ਟਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਉਹ ਆਪ ਵੀ ਸੁਰੱਖਿਅਤ ਰਹਿਣ ਅਤੇ ਬਾਕੀ ਵੀ ਸੁਰੱਖਿਅਤ ਰਹਿਣ। ਜੋ ਵਿਦਿਆਰਥੀ ਆਪਣੇ ਖੁਦ ਦੇ ਟੂ-ਵ੍ਹੀਲਰ ਤੇ ਸਕੂਲ ਆਉਂਦੇ ਹਨ ਉਹਨਾਂ ਨੂੰ ਖਾਸ ਹਿਦਾਇਤ ਕਰਦਿਆਂ ਕਿਹਾ ਕਿ ਜਿੰਨ੍ਹਾਂ ਵਿਦਿਆਰਥੀਆਂ ਕੋਲ ਆਪਣੇ ਵਹਿਕਲ ਦੇ ਕਾਗਜ਼ ਜਿਵੇਂ ਆਰ.ਸੀ., ਬੀਮਾ, ਪੀ.ਯੂ.ਸੀ. ਸਰਟੀਫੀਕੇਟ ਅਤੇ ਡਰਾਇਵਿੰਗ ਲਾਈਸੈਂਸ ਨਹੀਂ ਹਨ ਉਹਨਾਂ ਨੂੰ ਟੂ-ਵ੍ਹਹੀਲਰ ਨਹੀਂ ਚਲਾਉਣਾ ਚਾਹੀਦਾ ਜਾਂ ਫਿਰ ਜਲਦ ਤੋਂ ਜਲਦ ਕਾਗਜ਼ਾਤ ਪੂਰੇ ਕਰਨੇ ਚਾਹੀਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਸੜਕ ਉੱਪਰ ਸਟੰਟਬਾਜੀ ਨਾ ਕਰਨ, ਤੇਜ਼ ਰਫਤਾਰ ਤੇ ਨਾ ਚੱਲਣ ਅਤੇ ਟ੍ਰਿਪਲ ਰਾਈਡਿੰਗ ਨਾ ਕਰਨ ਦੀ ਵੀ ਸਲਾਹ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਪ੍ਰਮਾਤਮਾ ਨਾ ਕਰੇ ਜੇਕਰ ਕਿਸੇ ਵਿਦਿਆਰਥੀ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਜੋਕੇ ਸਖਤ ਕਨੂੰਨਾ ਦੇ ਅਧੀਨ ਉਸਦਾ ਪੂਰਾ ਜੀਵਨ ਵੀ ਬਰਬਾਦ ਹੋ ਸਕਦਾ ਹੈ। ਇਸ ਮੌਕੇ ਸਕੂਲ ਦੇ ਸੀ.ਈ.ਓ. ਰਾਹੁਲ ਛਾਬੜਾ, ਟਰਾਂਸਪੋਰਟ ਮੈਨੇਜਰ ਗੁਰਪ੍ਰਤਾਪ ਸਿੰਘ, ਸਾਰੇ ਡਰਾਈਵਰ ਅਤੇ ਸੀਨੀਅਰ ਵਿਦਿਆਰਥੀ ਮੌਜੂਦ ਸਨ।

Comments are closed.