Latest News & Updates

ਬਲੂਮਿੰਗ ਬਡਜ਼ ਸਕੂਲ ਵੱਲੋਂ ‘ਸ਼ਹੀਦ ਭਗਤ ਸਿੰਘ’ ਦੇ ਜਨਮ ਦਿਹਾੜੇ ਤੇ ਦਿੱਤੀ ਗਈ ਸ਼ਰਧਾਂਜਲੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਸੁੰਦਰ ਚਾਰਟ ਪੇਸ਼ ਕੀਤੇ ਗਏ ਅਤੇ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ ਗਈ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਹਨਾਂ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜਿਲ੍ਹੇ (ਮੌਜੂਦਾ ਪਾਕਿਸਤਾਨ) ਦੇ ਬੰਗਾ ਪਿੰਡ ਵਿੱਚ ਸ੍ਰ. ਕਿਸ਼ਨ ਸਿੰਘ ਜੀ ਦੇ ਘਰ ਮਾਤਾ ਵਿਦਿਆਵਤੀ ਜੀ ਦੀ ਕੁੱਖੋਂ ਹੋਇਆ। ਭਗਤ ਸਿੰਘ ਦਾ ਸਾਰਾ ਪਰਿਵਾਰ ਹੀ ਦੇਸ਼ ਭਗਤੀ ਵਿੱਚ ਰਚਿਆ-ਰਮਿਆ ਹੋਇਆ ਸੀ। ਉਹਨਾਂ ਦੇ ਵਡੇਰੇ ਮਹਰਾਜਾ ਰਣਜੀਤ ਸਿੰਘ ਦੀ ਫੌਜ਼ ਵਿੱਚ ਯੋਧੇ ਸਨ, ਉਹਨਾਂ ਦੇ ਦਾਦਾ ਜੀ, ਪਿਤਾ ਜੀ ਅਤੇ ਦੋਨੋਂ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਭਾਰਤ ਦੀ ਅਜ਼ਾਦੀ ਲਹਿਰ ਦਾ ਹਿੱਸਾ ਸਨ। ਭਗਤ ਸਿੰਘ ਬਚਪਣ ਤੋਂ ਹੀ ਹੋਣਹਾਰ ਅਤੇ ਮਿਹਨਤੀ ਸਨ ਅਤੇ ਦੇਸ਼ ਭਗਤਾਂ ਦੇ ਪਰਿਵਾਰ ਵਿੱਚ ਜੰਮੇ ਪਲੇ ਹੋਣ ਕਰਕੇ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਸਨ। ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬੜ੍ਹਾ ਸ਼ੌਂਕ ਸੀ ਜਿਸ ਕਰਕੇ ਉਹਨਾਂ ਨੂੰ ਪੰਜਾਬੀ, ਅੰਗਰੇਜੀ, ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਮਹਾਰਤ ਹਾਸਲ ਸੀ। ਸਕੂਲ ਤੋਂ ਬਾਅਦ ਕਾਲਜ ਵਿੱਚ ਸਿੱਖਿਆ ਦੌਰਾਨ ਹੀ ਭਗਤ ਸਿੰਘ ਅੰਗੇਰਜ ਹਕੂਮਤ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲੱਗ ਪਏ ਸਨ। ਉਹਨਾਂ ਵੱਲੋਂ 1926 ਵਿੱਚ ਨੌਜਵਾਨ ਭਾਰਤ ਸਭਾ ਦਾ ਸੰਗਠਨ ਕੀਤਾ ਗਿਆ ਅਤੇ ਬਾਅਦ ਵਿੱਚ ਚੰਦਰ ਸ਼ੇਖਰ ਅਜ਼ਾਦ ਤੋਂ ਪ੍ਰਭਾਵਿਤ ਹੋ ਕੇ ਉਹ ਹਿੰਦੂਸਤਾਨ ਸੋਸ਼ਿਲਿਸਟ ਰਿਪਬਲੀਕਨ ਐਸੋਸਿਏਸ਼ਨ ਦਾ ਹਿੱਸਾ ਬਣੇ। ਇਸ ਦੌਰਾਨ ‘ਸਾਈਮਨ ਕਮੀਸ਼ਨ’ ਦਾ ਵਿਰੋਧ ਕਰਦਿਆਂ ਲਾਠੀ ਚਾਰਜ ਵਿੱਚ ਲਾਲਾ ਲਾਜਪਤ ਰਾਏ ਜੀ ਜ਼ਖਮੀ ਹੋਕੇ ਸ਼ਹੀਦ ਹੋ ਗਏ। ਚੰਦਰ ਸ਼ੇਖਰ ਅਜ਼ਾਦ, ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਅੰਗਰੇਜ਼ ਅਫæਸਰ ਸਕਾਟ ਦੇ ਕਤਲ ਦੀ ਯੋਜਨਾ ਬਣਾਈ ਪਰ ਪਛਾਣਨ ਦੀ ਗਲਤੀ ਕਾਰਨ ਸਕਾਟ ਦੇ ਭੁਲੇਖੇ ਜੋਹਨ ਪੀ. ਸਾਂਡਰਸ ਇਸ ਹਮਲੇ ਵਿੱਚ ਮਾਰਿਆ ਗਿਆ ਅਤੇ ਭਗਤ ਸਿੰਘ ਆਪਣੇ ਸਾਥੀਆਂ ਸਮੇਤ ਫæਰਾਰ ਹੋ ਗਏ। ਇਸ ਤੋਂ ਬਾਅਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਿਆ ਅਤੇ ਆਪਣੀ ਗ੍ਰਿਫæਤਾਰੀ ਦਿੱਤੀ। ਜ਼ੇਲ ਵਿੱਚ ਵੀ ਭਗਤ ਸਿੰਘ ਆਪਣੇ ਅਤੇ ਹੋਰ ਕੈਦੀਆਂ ਦੇ ਹੱਕਾਂ ਲਈ ਲੜਦੇ ਹੌਏ ਭੁੱਖ ਹੜਤਾਲ ਕੀਤੀ ਜਿਸ ਅੱਗੇ ਅੰਗਰੇਜੀ ਹਕੂਮਤ ਨੂੰ ਝੁਕਣਾ ਪਿਆ। ਜੇਲ ਵਿੱਚ ਹੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਉੱਪਰ ਸਾਂਡਰਸ ਮਰਡਰ ਕੇਸ ਦਾ ਮਕੱਦਮਾ ਚਲਾਇਆ ਗਿਆ ਅਤੇ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 23 ਮਾਰਚ 1931 ਨੂੰ ਭਗਤ ਸਿੰਘ ਨੂੰ ਸਾਥੀਆਂ ਸਮੇਤ ਫਾਂਸੀ ਲਗਾ ਦਿੱਤੀ ਗਈ। ਮੈਡਮ ਨੇ ਵਿਦਿਆਰਥੀਆਂ ਨੂੰ ਸੁਣੇਹਾ ਦਿੰਦਿਆਂ ਕਿਹਾ ਕਿ ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਵੀ ਮੌਜੂਦ ਸੀ।

Comments are closed.