ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ‘ਵਰਲਡ ਟਾਈਗਰ ਡੇ’ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਇਸ ਦਿਹਾੜੇ ਨਾਲ ਸਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਿਨ ਹਰ ਸਾਲ 29 ਜੁਲਾਈ ਨੂੰ ਪੂਰੇ ਵਿਸ਼ਵ ਵਿੱਚ ਟਾਈਗਰਜ਼ (ਬਾਘਾਂ) ਨੂੰ ਬਚਾਉਣ ਦੀ ਮੁਹਿੰਮ ਦੇ ਤੌਰ ਤੇ ਮਨਾਇਆ ਜਾਂਦਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਸਾਲ 2010 ਵਿੱਚ ਰੂਸ ਦੇ ਸੈਂਟ ਪਿਟਸਬਰਗ ਵਿਖੇ ‘ਟਾਈਗਰ ਸੰਮੇਲਨ’ ਦੇ ਦੌਰਾਨ ਕੀਤੀ ਗਈ। ਇਸ ਸੰਮੇਲਨ ਵਿੱਚ ਦੁਨੀਆ ਦੇ 13 ਦੇਸ਼ਾਂ ਨੇ ਹਿੱਸਾ ਲਿਆ ਅਤੇ ਬਾਘਾਂ ਦੀ ਗਿਣਤੀ ਨੂੰ 2022 ਤੱਕ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਸੀ। ਸਾਲ 2016 ਦੀ ਰਿਪੋਰਟ ਇਸ ਟੀਚੇ ਦੀ ਅੱਧੀ ਕਾਮਯਾਬੀ ਨੂੰ ਦਰਸਾਉਂਦੀ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਬਾਘਾਂ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਰੱਖਿਆ ਵਾਸਤੇ ਇੱਕ ਵਿਸ਼ਵਵਿਆਪੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਅਤੇ ਬਾਘਾਂ ਦੀ ਸੰਭਾਲ ਦੇ ਮੁੱਦਿਆਂ ਤੇ ਲੋਕਾਂ ਵਿੱਚ ਜਾਗਰੁਕਤਾ ਨੂੰ ਵਧਾਉਣਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ ਦੁਨੀਆ ਭਰ ਵਿੱਚ ਜਿੰਨ੍ਹੇ ਵੀ ਬਾਘ ਹਨ ਉਹਨਾਂ ਵਿੱਚੋਂ 70 ਪ੍ਰਤੀਸ਼ਤ ਬਾਘ ਭਾਰਤ ਵਿੱਚ ਪਾਏ ਜਾਂਦੇ ਹਨ। ਭਾਰਤ ਵਿੱਚ ਹਰ ਚਾਰ ਸਾਲ ਬਾਅਦ ਬਾਘਾਂ ਦੀ ਗਿਣਤੀ ਕੀਤੀ ਜਾਂਦੀ ਹੈ ਜਿਸ ਦੇ ਆਂਕੜੇ ਦੱਸਦੇ ਹਨ ਕਿ ਸਾਲ 2006 ਵਿੱਚ ਭਾਰਤ ਵਿੱਚ 1411, ਸਾਲ 2010 ਵਿੱਚ 1706, ਸਾਲ 2014 ਵਿੱਚ 2226 ਅਤੇ ਸਾਲ 2019 ਵਿੱਚ ਬਾਘਾਂ ਦੀ ਕੁਲ ਗਿਣਤੀ 2967 ਦੇ ਲੱਗਭੱਗ ਸੀ। ਲਗਾਤਾਰ ਵਾਧੇ ਵੱਲ ਜਾ ਰਹੇ ਇਹ ਆਂਕੜੇ ਸਾਫ ਦਰਸ਼ਾਉਂਦੇ ਹਨ ਕਿ ਬਾਘਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ। ਉਹਨਾਂ ਨੇ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਕੁਦਰਤ ਵਿੱਚ ਜਿੰਨ੍ਹੇ ਕਿਸਮ ਦੇ ਪ੍ਰਾਣੀ ਮੌਜੂਦ ਹਨ ਉਹ ਸਾਰੇ ਹੀ ਸਾਡੇ ਜੀਵਨ ਚੱਕਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ। ਇਸ ਲਈ ਉਹਨਾਂ ਨੇ ਬੱਚਿਆਂ ਨੂੰ ਇਹ ਵਾਅਦਾ ਕਰਨ ਲਈ ਕਿਹਾ ਕਿ ਉਹ ਹਮੇਸ਼ਾਂ ਕੁਦਰਤੀ ਸੌਮਿਆਂ ਦਾ ਅਤੇ ਪ੍ਰਾਣੀਆਂ ਦਾ ਸੰਨਮਾਨ ਕਰਦੇ ਰਹਿਣਗੇ।
Comments are closed.