Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਮਨਾਇਆ ਗਿਆ ਰਾਸ਼ਟਰ ਪਿਤਾ ‘ਮਹਾਤਮਾ ਗਾਂਧੀ’ ਜੀ ਦਾ ਜਨਮ ਦਿਹਾੜਾ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅਹਿੰਸਾ ਦੇ ਪੁਜਾਰੀ, ਰਾਸ਼ਟਰ ਪਿਤਾ ਸ਼੍ਰੀ ਮੋਹਨਦਾਸ ਕਰਮਚੰਦ ਗਾਂਧੀ (ਮਹਾਤਮਾ ਗਾਂਧੀ) ਜੀ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਸ਼ਰਧਾਸੁਮਨ ਭੇਂਟ ਕੀਤੇ ।ਸਕੂਲ ਵਿੱਚ ਅਸੈਂਬਲੀ ਮੌਕੇ ਬੱਚਿਆਂ ਵੱਲੋਂ ਮਹਾਤਮਾ ਗਾਂਧੀ ਜੀ ਦੇ ਜੀਵਨ, ਭਾਰਤ ਦੀ ਅਜ਼ਾਦੀ ਲਈ ਉਹਨਾਂ ਦੇ ਸੰਘਰਸ਼, ਪੂਰੀ ਤਰ੍ਹਾਂ ਅਹਿੰਸਾ ਦੀ ਰਾਹ ਤੇ ਚਲਦਿਆਂ ਅੰਗਰੇਜ਼ੀ ਹਕੂਮਤ ਨਾਲ ਟਾਕਰਾ ਲੈਂਦਿਆ ਉਹਨਾਂ ਦੁਆਰਾ ਚਲਾਏ ਗਏ ਅੰਦੋਲਨਾ ਦੀਆਂ ਝਲਕੀਆਂ ਪੇਸ਼ ਕਰਦੇ ਹੋਏ ਬਹੁਤ ਹੀ ਸੋਹਣੇ ਅਤੇ ਆਕਰਸ਼ਕ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਮਹਾਤਮਾ ਗਾਂਧੀ ਜੀ ਦੇ ਜਨਮ ਅਤੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਸ਼੍ਰੀ ਮੋਹਨਦਾਸ ਕਰਮਚੰਦ ਗਾਂਧੀ ਸੀ, ਇਹਨਾਂ ਦਾ ਜਨਮ 2 ਅਕਤੂਬਰ 1869 ਵਿੱਚ ਗੁਜਰਾਤ ਦੇ ਪੋਰਬੰਦਰ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਕਰਮਚੰਦ ਗਾਂਧੀ ਅਤੇ ਮਾਤਾ ਜੀ ਦਾ ਨਾਮ ਪੂਤਲੀ ਬਾਈ ਸੀ । ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਬਚਪਣ ਤੋਂ ਹੀ ਇੱਕ ਹੋਣਹਾਰ ਵਿਦਿਆਰਥੀ ਰਹੇ ਅਤੇ ਸੱਚ, ਸ਼ਾਂਤੀ, ਅਹਿੰਸਾ ਵਰਗੇ ਗੁਣ ਬਚਪਣ ਤੋਂ ਹੀ ਉਹਨਾਂ ਵਿੱਚ ਸਨ। ਗਾਂਧੀ ਜੀ ਨੇ ਆਪਣੀ ਮੁੱਢਲੀ ਵਿਦਿਆ ਰਾਜਕੋਟ, ਉਚੇਰੀ ਵਿਦਿਆ ਭਾਵਨਗਰ ਤੋਂ ਅਤੇ ਇੰਨਰ ਟੈਂਪਲ, ਲੰਡਨ ਤੋਂ ਵਕਾਲਤ ਪਾਸ ਕੀਤੀ। ਮੈਡਮ ਕਮਲ ਸੈਣੀ ਜੀ ਨੇ ਅੱਗੇ ਕਿਹਾ ਕਿ ਇੱਕ ਭਾਰਤੀ ਮੂਲ ਦੇ ਵਪਾਰੀ ਦਾ ਕੇਸ ਲੜਨ ਵਾਸਤੇ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਗਏ ਅਤੇ ਉੱਥੇ ਹੀ ਉਹਨਾਂ ਦਾ ਸੰਘਰਸ਼ ਸ਼ੁਰੂ ਹੋਇਆ । ਦੱਖਣੀ ਅਫਰੀਕਾ ਦੇ ਦੱਬੇ ਕੁਚਲੇ ਵਰਗ ਦੇ ਲੋਕਾਂ ਲਈ ਮਹਾਤਮਾ ਗਾਂਧੀ ਜੀ ਨੇ ਸ਼ਾਤਮਈ ਅੰਦੋਲਨ ਵਿੱਚ ਹਿੱਸਾ ਲਿਆ । ਸਾਲ 1915 ਵਿੱਚ 45 ਸਾਲਾਂ ਦੀ ਉਮਰ ਵਿੱਚ ਮਹਾਤਮਾ ਗਾਂਧੀ ਭਾਰਤ ਵਾਪਿਸ ਆ ਗਏ। ਅਹਿੰਸਾ ਨੂੰ ਆਪਣਾ ਮੁੱਖ ਸ਼ਸਤਰ ਚੁਣਦਿਆਂ, ਅੰਗਰੇਜਾਂ ਦੀ ਗੁਲਾਮੀ ਦਾ ਦੰਸ਼ ਝੱਲ ਰਹੇ ਭਾਰਤਵਾਸੀਆਂ ਨੂੰ ਇਕੱਠਾ ਕਰਕੇ ਇੱਕ ਐਸਾ ਘੋਲ ਸ਼ੁਰੂੂ ਕੀਤਾ ਕਿ ਅੰਗਰੇਜ਼ੀ ਹਕੂਮਤ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ। 1921 ਵਿੱਚ ਮਹਾਤਮਾ ਗਾਂਧੀ ਜੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ। ਮਹਾਤਮਾ ਗਾਂਧੀ ਜੀ ਵੱਲੋਂ ਚਲਾਏ ਗਏ ਚੰਪਾਰਨ ਸੱਤਿਆਗ੍ਰਹ, ਸਵਿਨਯ ਅਵਗਿਆ ਅੰਦੋਲਨ, ਦਾਂਡੀ ਯਾਤਰਾ, ਭਾਰਤ ਛੱਡੋ ਅੰਦੋਲਨ, ਨਾਮਿਲਵਰਤਨ ਅੰਦੋਲਨ ਨੇ ਅੰਗਰੇਜ ਹਕੂਮਤ ਦੀ ਕਮਰ ਤੋੜ ਦਿੱਤੀ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹਮੀਲੀਆ ਰਾਣੀ ਜੀ ਨੇ ਬੱਚਿਆਂ ਨੁੰ ਸੰਦੇਸ਼ ਦਿੱਤਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਸੰਪੂਰਨ ਜੀਵਨ ਸਾਡੇ ਵਾਸਤੇ ਮਾਰਗ ਦਰਸ਼ਨ ਹੈ। ਗਾਂਧੀ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿੰਦਗੀ ਵਿੱਚ ਸਾਡਾ ਦੁਸ਼ਮਣ ਕਿੰਨਾ ਵੀ ਤਾਕਤਵਰ ਤੇ ਜਾਲਿਮ ਕਿਉਂ ਨਾ ਹੋਵੇ, ਸਾਡੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਦਾ ਦਰਿਆ ਕਿਨਾਂ ਵੀ ਉਫਾਨ ਤੇ ਕਿਉਂ ਨਾ ਹੋਵੇ, ਮਹਾਤਮਾ ਗਾਂਧੀ ਜੀ ਦੀ ਤਰ੍ਹਾਂ ਸਬਰ, ਸੱਚ, ਅਹਿੰਸਾ ਅਤੇ ਸ਼ਾਂਤੀ ਦੇ ਰਸਤੇ ਚਲਦਿਆਂ ਅਸੀਂ ਆਪਣੀ ਫਤਿਹ ਨੂੰ ਯਕੀਨੀ ਬਣਾ ਸਕਦੇ ਹਾਂ । ਗਾਂਧੀ ਜੀ ਤਰ੍ਹਾਂ ਅਸੀਂ ਵੀ ਸਾਡੀ ਨਿਮਰਤਾ ਅਤੇ ਸੱਚਾਈ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾ ਸਕਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਉਹਨਾਂ ਇਹ ਵੀ ਦੱਸਿਆ ਕਿ ਗਾਂਧੀ ਜੀ ਨੂੰ ‘ਮਹਾਤਮਾ’ ਦਾ ਖਿਤਾਬ ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਦੁਆਰਾ ਦਿੱਤਾ ਗਿਆ ਸੀ।

Comments are closed.